ਫਗਵਾੜਾ : ਫਗਵਾੜਾ ਦੀ ਗਊਸ਼ਾਲਾ ਵਿੱਚ ਦੁਖਦਾਈ ਘਟਨਾ ਵਾਪਰ ਦੀ ਖ਼ਬਰ ਮਿਲੀ ਹੈ। ਇੱਥੇ ਭੇਦ ਭਰੇ ਹਾਲਾਤ ‘ਚ ਦਸ ਗਊਆਂ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਅਤੇ ਕਈ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਣਾ ਫਗਵਾੜਾ ਵਿੱਚ ਸਥਿਤ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਦੇਰ ਰਾਤ ਵਾਪਰੀ। ਘਟਨਾ ਦੌਰਾਨ ਦਸ ਗਊਆਂ ਦੀ ਮੌਤ ਹੋਣ ਤੋਂ ਤੁਰੰਤ ਬਾਅਦ ਸਮੂਹ ਹਿੰਦੂ ਸੰਗਠਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਐਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਰਨੂਰ, ਹਰਜੀਮਾਨ, ਦਲਜੀਤ ਰਾਜੂ ਸਮੇਤ ਵੱਡੀ ਗਿਣਤੀ ਵਿੱਚ ਸੰਗਠਨਾਂ ਦੇ ਆਗੂ ਪਹੁੰਚੇ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸੇਵਾ ਸੈਨਾ ਯੂਬੀਟੀ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਵਾਪਰੀ ਹੈ ਅਸੀਂ ਹੋਰਾਂ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਬਾਰੇ ਜਰੂਰ ਸੁਣਿਆ ਸੀ ਪਰ ਫਗਵਾੜਾ ਸ਼ਹਿਰ ਅੰਦਰ ਵੀ ਅਜਿਹੀ ਦਰਦਨਾਕ ਘਟਨਾ ਵਾਪਰੇਗੀ ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਉਹਨਾਂ ਕਿਹਾ ਕਿ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਨੌ ਦਸੰਬਰ ਦਿਨ ਸੋਮਵਾਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਹੈ ਜਿਸ ਸਬੰਧੀ ਬਹੁਤ ਜਲਦ ਹਿੰਦੂ ਸੰਗਠਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।