ਨਵੀਂ ਦਿੱਲੀ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮੱਧ ਪ੍ਰਦੇਸ਼ ਦੇ ਇੰਦੌਰ ’ਚ ਵੱਡਾ ਕੰਸਰਟ ਕੀਤਾ। ਇਸ ਤੋਂ ਠੀਕ ਇਕ ਦਿਨ ਪਹਿਲਾਂ ਬਜਰੰਗ ਦਲ ਵੱਲੋਂ ਇੰਦੌਰ ਸਮਾਰੋਹ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਗਾਇਕ ਦਾ ਕੰਸਰਟ ਜਾਰੀ ਰਿਹਾ ਤੇ ਉਸ ਨੇ ਇਕ ਤੋਂ ਬਾਅਦ ਇਕ ਸ਼ਾਨਦਾਰ ਪ੍ਰਦਰਸ਼ਨ ਦਿੱਤਾ।
ਰਿਪੋਰਟਾਂ ਮੁਤਾਬਿਕ ਕੰਸਰਟ ਵਾਲੀ ਥਾਂ ‘ਤੇ ਕੋਈ ਸ਼ਰਾਬ ਜਾਂ ਮੀਟ ਨਹੀਂ ਪਰੋਸਿਆ ਗਿਆ। ਸੂਤਰਾਂ ਮੁਤਾਬਿਕ ਦਿਲਜੀਤ ਦੇ ਇੰਦੌਰ ਕੰਸਰਟ ‘ਚ ਨਾ ਕੋਈ ਮੀਟ-ਸ਼ਰਾਬ ਪਰੋਸਿਆ ਗਿਆ ਤੇ ਨਾ ਹੀ ਕੋਈ ਅਜਿਹੀ ਹਰਕਤ ਦੇਖਣ ਨੂੰ ਮਿਲੀ, ਜਿਸ ਨਾਲ ਸਮਾਜ ‘ਤੇ ਮਾੜਾ ਪ੍ਰਭਾਵ ਪਵੇ। ਇਸ ਤਹਿਤ ਕੰਸਰਟ ਸਮੇਂ ਸਿਰ ਸਮਾਪਤ ਹੋਣ ਤੋਂ ਬਾਅਦ ਬਜਰੰਗ ਦਲ ਨੇ ਵਿਰੋਧ ਖ਼ਤਮ ਕੀਤਾ ਅਤੇ ਮੰਗ ਪੂਰੀ ਕਰਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਸੜਕਾਂ ‘ਤੇ ਉਤਰਿਆ ਬਜਰੰਗ ਦਲ
ਬਜਰੰਗ ਦਲ ਨੇ ਸ਼ਨਿਚਰਵਾਰ ਨੂੰ ਇੰਦੌਰ ‘ਚ ਦਿਲਜੀਤ ਦੋਸਾਂਝ ਦੇ ਕੰਸਰਟ ਦਾ ਵਿਰੋਧ ਕੀਤਾ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਮੈਂਬਰ ਯਸ਼ ਬਚਾਨੀ ਨੇ ਪਹਿਲਾਂ ਕਿਹਾ ਸੀ ਕਿ ਬਜਰੰਗ ਦਲ ਕੰਸਰਟ ਦਾ ਵਿਰੋਧ ਕਰਨ ਅਤੇ ਮੀਟ ਅਤੇ ਸ਼ਰਾਬ ਪਰੋਸਣ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਅਮਰੇਂਦਰ ਸਿੰਘ ਜ਼ੋਨ 2 ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਕਿਹਾ, ਇੰਦੌਰ ਪੁਲਿਸ ਕਾਨੂੰਨ ਵਿਵਸਥਾ ਨਾਲ ਜੁੜੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇੰਦੌਰ ਪੁਲਿਸ ਅਮਨ-ਕਾਨੂੰਨ ਦੀ ਸਥਿਤੀ, ਔਰਤਾਂ ਦੀ ਸੁਰੱਖਿਆ ਅਤੇ ਨਸ਼ਾਖੋਰੀ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਅਸੀਂ ਇੱਥੇ ਖੁੱਲ੍ਹੇ ਵਿੱਚ ਸ਼ਰਾਬ ਪਰੋਸਣ ਅਤੇ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਸੀਂ ਹਰ ਚੀਜ਼ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।
ਪੁਣੇ ਦੇ ਕੰਸਰਟ ’ਚ ਵੀ ਹੋਇਆ ਵਿਰੋਧ
ਇਸ ਤੋਂ ਪਹਿਲਾਂ ਰਾਜ ਦੇ ਆਬਕਾਰੀ ਵਿਭਾਗ ਨੇ ਪਿਛਲੇ ਮਹੀਨੇ ਪੁਣੇ ਦੇ ਕੋਥਰੂੜ ਇਲਾਕੇ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਸੰਗੀਤ ਕੰਸਰਟ ਵਿਚ ਸ਼ਰਾਬ ਪਰੋਸਣ ਦਾ ਪਰਮਿਟ ਰੱਦ ਕਰ ਦਿੱਤਾ ਸੀ। ਇਹ ਫੈਸਲਾ ਐਨਸੀਪੀ ਪਾਰਟੀ ਦੇ ਯੂਥ ਵਿੰਗ ਅਤੇ ਭਾਜਪਾ ਦੇ ਸੀਨੀਅਰ ਨੇਤਾ ਚੰਦਰਕਾਂਤ ਪਾਟਿਲ ਦੇ ਨਾਲ-ਨਾਲ ਕੁਝ ਸਥਾਨਕ ਨਿਵਾਸੀਆਂ ਅਤੇ ਸੰਗਠਨਾਂ ਦੁਆਰਾ ਕੰਸਰਟ ਵਿਚ ਸ਼ਰਾਬ ਪਰੋਸਣ ਦੇ ਵਿਰੋਧ ਤੋਂ ਬਾਅਦ ਲਿਆ ਹੈ।