ਅੰਮ੍ਰਿਤਸਰ-ਦਿੱਲੀ ਹਾਈਵੇਅ 10 ਨੂੰ ਜਾਮ ਕਰਨ ਦਾ ਐਲਾਨ

ਸਮਰਾਲਾ, ਪੰਜਾਬ ਵਿਚ ਗ੍ਰੀਨ ਪ੍ਰਾਜੈਕਟ ਦੇ ਨਾਂ ’ਤੇ ਸੂਬੇ ਭਰ ਵਿਚ ਲੱਗਣ ਵਾਲੇ ਬਾਇਓਗੈਸ ਪਲਾਂਟਾਂ ਨੂੰ ਰੋਕਣ ਲਈ ਵੱਖ-ਵੱਖ ਪਿੰਡਾਂ ਦੀਆਂ ਸੰਘਰਸ਼ ਕਰ ਰਹੀਆਂ ਕਮੇਟੀਆਂ ਨੇ ਇਕਜੁੱਟ ਹੁੰਦਿਆਂ 10 ਸਤੰਬਰ ਨੂੰ ਸਾਂਝੇ ਤੌਰ ’ਤੇ ਬੀਜਾ (ਖੰਨਾ) ਵਿਚ ਅੰਮ੍ਰਿਤਸਰ-ਦਿੱਲੀ ਹਾਈਵੇਅ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਅਜਿਹੇ 45 ਬਾਇਓਗੈਸ ਪਲਾਂਟ ਸ਼ੁਰੂ ਕੀਤੇ ਜਾਣੇ ਹਨ ਅਤੇ ਹਰ ਥਾਂ ’ਤੇ ਉੱਥੋਂ ਦੇ ਵਾਸੀਆਂ ਵੱਲੋਂ ਇਨ੍ਹਾਂ ਪਲਾਂਟਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਮੁਸ਼ਕਾਬਾਦ ਵਿਚ ਲੱਗਣ ਵਾਲੇ ਬਾਇਓਗੈਸ ਪਲਾਂਟ ਨੂੰ ਰੋਕਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਫੈਕਟਰੀ ਦੇ ਬਾਹਰ ਧਰਨੇ ’ਤੇ ਬੈਠੇ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਜ਼ਹਿਰੀਲੀਆਂ ਗੈਸ ਫੈਕਟਰੀਆਂ ਦੀ ਮਾਰ ਝੱਲ ਰਹੇ ਪਿੰਡਾਂ ਵਿੱਚ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂ ਮਲਵਿੰਦਰ ਸਿੰਘ ਲਵਲੀ, ਨਿਰਮਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਹਰਮੇਲ ਸਿੰਘ ਅਤੇ ਕੁਲਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਵਿਚ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਰੋਕਣ ਲਈ ਲੜਾਈ ਲੜ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਨੂੰ ਵੇਖਦਿਆਂ ਹੁਣ 10 ਸਤੰਬਰ ਨੂੰ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *