ਵੈਨਕੂਵਰ, ਸਾਲ ਕੁ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜੁਆਨ ਨੂੰ ਦੋ ਜਣਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਨੇੜਲੇ ਪਿੰਡ ਮੁਟੇਰੀ ਜੱਟਾਂ ਦਾ ਰਹਿਣ ਵਾਲਾ ਹਰਸ਼ਾਨਦੀਪ ਸਿੰਘ ਅੰਟਾਲ (20) ਸਾਲ ਕੁ ਪਹਿਲਾਂ ਸਟੱਡੀ ਵੀਜੇ ‘ਤੇ ਕੈਨੇਡਾ ਦੇ ਸ਼ਹਿਰ ਐਡਮੰਟਨ ਆਇਆ ਸੀ ਤੇ ਹੁਣ ਪੜ੍ਹਾਈ ਦੇ ਨਾਲ ਨਾਲ ਸਕਿਉਰਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ।
ਪੁਲੀਸ ਅਨੁਸਾਰ ਸ਼ਨਿੱਚਰਵਾਰ ਸਵੇਰੇ ਇੱਕ ਘਰ ‘ਚ ਗੜਬੜ ਦੀ ਸੂਚਨਾ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਤਾਂ ਨੌਜੁਆਨ ਤੜਪ ਰਿਹਾ ਸੀ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ। ਉਸਨੂੰ ਮਾਰਨ ਵਾਲੇ 30-30 ਸਾਲਾਂ ਦੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ‘ਤੇ ਪਹਿਲਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਹੋਰ ਜਾਣਕਾਰੀ ਅਨੁਸਾਰ ਹਰਸ਼ਾਨਦੀਪ ਨੂੰ ਉਸ ਘਰ ਦੀ ਰਖਵਾਲੀ ਵਾਸਤੇ ਸਕਿਉਰਟੀ ਗਾਰਡ ਵਜੋਂ ਭੇਜਿਆ ਗਿਆ ਸੀ। ਮਾਰਨ ਵਾਲਿਆਂ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਰੁਜ਼ਗਾਰ ਦੇ ਮੌਕਿਆਂ ਦਾ ਫਾਇਦਾ ਲੈਣ ਕੈਨੇਡਾ ਆਏ ਮਾਪਿਆਂ ਦੇ ਇਕਲੌਤੇ ਪੁੱਤਰ ਹਰਸ਼ਾਨਦੀਪ ਨੂੰ ਲਾਸ਼ ਦੇ ਰੂਪ ਵਿੱਚ ਵਤਨ ਭੇਜਣ ਅਤੇ ਉਸਦੇ ਮਾਪਿਆਂ ਦੀ ਆਰਥਿਕ ਮਦਦ ਲਈ ਉਸਦੇ ਰਿਸ਼ਤੇਦਾਰਾਂ ਵਲੋਂ ਬਣਾਏ ਗੋਫੰਡ ਖਾਤੇ ਵਿੱਚ ਦਾਨੀਆਂ ਨੇ ਖੁੱਲ੍ਹੇ ਮਨ ਨਾਲ ਪੈਸੇ ਜਮ੍ਹਾਂ ਕਰਵਾਏ ਹਨ। ਖਬਰ ਲਿਖੇ ਜਾਣ ਤੱਕ ਰਕਮ ਸਵਾ ਕੁ ਲੱਖ ਡਾਲਰ ਨੇੜੇ ਪਹੁੰਚਣ ਵਾਲੀ ਸੀ।