ਕਰਨਾਲ, 11 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਗਤੀਰੋਧ ਖ਼ਤਮ ਹੋ ਗਿਆ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਪ੍ਰਸ਼ਾਸਨ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ ਲਾਠੀਚਾਰਜ ਦੇ ਆਦੇਸ਼ ਦੇਣ ਵਾਲੇ ਐੱਸ.ਡੀ.ਐੱਮ. ਆਯੂਸ਼ ਸਿਨਹਾ ਵਿਰੁੱਧ ਨਿਆਇਕ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਆਯੂਸ਼ ਸਿਨਹਾ ਇਕ ਮਹੀਨੇ ਦੀ ਛੁੱਟੀ ’ਤੇ ਰਹਿਣਗੇ। ਏ.ਸੀ.ਐੱਸ. ਦੇਵੇਂਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 28 ਅਗਸਤ ਨੂੰ ਹੋਈ ਲਾਠੀਚਾਰਜ ਦੀ ਨਿਆਇਕ ਜਾਂਚ ਕੀਤੀ ਜਾਵੇਗੀ। ਜਿਸ ਦੀ ਨਿਗਰਾਨੀ ਸੇਵਾਮੁਕਤ ਹਾਈ ਕੋਰਟ ਜੱਜ ਕਰਨਗੇ। ਜਾਂਚ ਦੌਰਾਨ ਸਾਬਕਾ ਐੱਸ.ਡੀ.ਐੱਮ. ਸਿਨਹਾ ਛੁੱਟੀ ’ਤੇ ਰਹਿਣਗੇ। ਪੀੜਤ ਪਰਿਵਾਰ ਨੂੰ ਇਕ ਹਫ਼ਤੇ ਅੰਦਰ ਨੌਕਰੀ ਦਿੱਤੀ ਜਾਵੇਗੀ। ਇਕ ਮਹੀਨੇ ਅੰਦਰ ਇਹ ਜਾਂਚ ਪੂਰੀ ਕਰਨ ਦੀ ਗੱਲ ਕਹੀ ਗਈ ਹੈ।
ਦੱਸਣਯੋਗ ਹੈ ਕਿਸਾਨਾਂ ’ਤੇ ਲਾਠੀਚਾਰਜ ਨੂੰ ਲੈ ਕੇ ਕਿਸਾਨ ਕਰਨਾਲ ’ਚ ਮਿੰਨੀ ਸਕੱਤਰੇਤ ਦੇ ਬਾਹਰ ਲਗਾਤਾਰ ਧਰਨੇ ’ਤੇ ਬੈਠੇ ਹੋਏ ਸਨ। ਕਿਸਾਨਾਂ ਨੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐੱਸ.ਡੀ.ਐੱਮ. ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ’ਚ ਲਾਠੀਚਾਰਜ ਤੋਂ ਬਾਅਦ ਕਿਸਾਨ ਅਤੇ ਸਕਾਰਾਤਮਕ ਹੋ ਗਏ ਸਨ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਕਈ ਬੈਠਕਾਂ ਕੀਤੀਆਂ ਸਨ।