ਅਚਾਨਕ ਮੌਸਮ ‘ਚ ਆਈ ਵੱਡੀ ਤਬਦੀਲੀ

ਚੰਡੀਗੜ੍ਹ : ਪੱਛਮੀ ਗੜਬੜੀ ਨਾਲ ਜਿਥੇ ਮੌਸਮ ’ਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲੀ ਹੈ ਉਸ ਦੇ ਨਾਲ ਹੀ ਲੋਕਾਂ ਦੀ ਸਿਹਤ ’ਤੇ ਵੀ ਇਸ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ। ਮੌਸਮ ’ਚ ਤੇਜ਼ੀ ਨਾਲ ਬਦਲਾਅ ਅਤੇ ਸਵੇਰੇ-ਸ਼ਾਮ ਖ਼ਰਾਬ ਹਵਾ ਅਤੇ ਠੰਡ ਕਾਰਨ ਲੋਕਾਂ ਨੂੰ ਖੰਘ, ਜ਼ੁਕਾਮ, ਗਲੇ ’ਚ ਖਰਾਸ਼ ਤੇ ਦਰਦ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋਡਿਆਂ ਦੇ ਦਰਦ ਅਤੇ ਪਹਿਲਾਂ ਤੋਂ ਸਾਹ ਦੀ ਬਿਮਾਰੀ ਨਾਲ ਪ੍ਰਭਾਵ ਬਜ਼ੁਰਗਾਂ ’ਚ ਦੇਖੇ ਜਾ ਰਹੇ ਹਨ। ਜ਼ਿਆਦਾਤਰ ਬੱਚੇ ਨਿਮੋਨੀਆ ਨਾਲ ਪੀੜਤ ਹਨ। ਪਿਛਲੇ ਇਕ ਹਫ਼ਤੇ ਤੋਂ ਆਉਣ ਵਾਲੇ ਮਰੀਜ਼ਾਂ ’ਚ ਮੌਸਮੀ ਬਿਮਾਰੀਆਂ ਦੇ ਲੱਛਣ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੇ ਹਨ।

ਇਸ ਬਾਰੇ ਜੀ.ਐੱਮ.ਸੀ.ਐੱਚ-32 ਦੇ ਬਾਲ ਰੋਗ ਵਿਭਾਗ ਦੇ ਐੱਚ.ਓ.ਡੀ. ਡਾ. ਵਿਸ਼ਾਲ ਗੁਲਗਲਨੀ ਨੇ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਇਸ ਵਾਰ ਜਿਸ ਤਰ੍ਹਾਂ ਮੌਸਮ ’ਚ ਤੇਜ਼ੀ ਨਾਲ ਤਬਦੀਲੀ ਹੋਈ ਹੈ ਉਸ ਨਾਲ ਲੋਕਾਂ ਦੀ ਸਿਹਤ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੀਵਾਲੀ ’ਤੇ ਪਟਾਕਿਆਂ ਦੇ ਧੂੰਏਂ ਤੇ ਪਰਾਲੀ ਦੇ ਧੂੰਏਂ ਕਾਰਨ ਦਮੇ ਦੇ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਸਰਦੀ ਸ਼ੁਰੂ ਹੋਣ ਦੇ ਨਾਲ ਵਾਇਰਲ ਜ਼ੁਕਾਮ, ਖੰਘ ਤੇ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ’ਚ ਵੀ ਤੇਜ਼ੀ ਆ ਗਈ ਹੈ। ਜੀ.ਐੱਮ.ਸੀ.ਐੱਚ. 32 ’ਚ ਮੌਸਮੀ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 500 ਤੋਂ ਵਧ ਕੇ 700 ਹੋ ਗਈ ਹੈ। ਇਸ ’ਚ 90 ਤੋਂ 100 ਮਰੀਜ਼ ਵਾਇਰਲ ਬੁਖ਼ਾਰ ਦੇ ਆ ਰਹੇ ਹਨ ਤੇ ਮਰੀਜ਼ਾਂ ਨੂੰ ਬੁਖ਼ਾਰ ’ਚ ਜ਼ਿਆਦਾਤਰ ਜੋੜਾਂ ਦੇ ਦਰਦ ਤੇ ਤੇਜ਼ ਬੁਖਾਰ ਦੀ ਸਮੱਸਿਆ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ 30-40 ਲੋਕ ਦਮੇ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਉਨ੍ਹਾਂ ਮਰੀਜ਼ਾਂ ਦੀ ਉਮਰ 50 ਸਾਲ ਤੋਂ ਵੱਧ ਹੈ।

ਛੋਟੇ ਬੱਚਿਆਂ ’ਚ ਜ਼ੁਕਾਮ, ਆਮ ਖੰਘ ਅਤੇ ਵਾਇਰਲ ਨਿਮੋਨੀਆ ਦੇ 15 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਡਾ. ਵਿਸ਼ਾਲ ਨੇ ਦੱਸਿਆ ਕਿ ਬਦਲਦੇ ਮੌਸਮ ’ਚ ਇਨਫੈਕਸ਼ਨ, ਬੈਕਟੀਰੀਆ ਅਤੇ ਵਾਇਰਸ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਕਮਜ਼ੋਰ ਇਮਿਊਨਿਟੀ ਵਾਲੇ ਮਰੀਜ਼ਾਂ ’ਚ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ’ਚ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵਾਇਰਲ ਸੀਜ਼ਨ ਦੌਰਾਨ ਬੱਚਿਆਂ ’ਚ ਵਾਇਰਲ ਨਿਮੋਨੀਆ ਦਾ ਖ਼ਤਰਾ ਵਧ ਜਾਂਦਾ ਹੈ। ਪਹਿਲਾਂ ਇਹ ਗਿਣਤੀ 2 ਤੋਂ 5 ਸੀ ਪਰ ਹੁਣ ਇਹ ਗਿਣਤੀ 12 ਤੋਂ 20 ਹੋ ਗਈ ਹੈ।

Leave a Reply

Your email address will not be published. Required fields are marked *