ਲੁਧਿਆਣਾ, 9 ਫਰਵਰੀ (ਬਿਊਰੋ)- ਬੀਤੀ ਰਾਤ ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੇ ਮਾਮਲੇ ’ਚ ਪੁਲਸ ਨੇ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਸਿਮਰਜੀਤ ਬੈਂਸ ਨੂੰ ਪੁਲਸ ਵਲੋਂ ਰਿਹਾਅ ਕਰ ਦੇਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਝਗੜੇ ਤੋਂ ਬਾਅਦ ਸਿਮਰਜੀਤ ਬੈਂਸ ਅਤੇ ਸਾਥੀਆਂ ਉਪਰ 307 ਦਾ ਪਰਚਾ ਦਰਜ ਕੀਤਾ ਗਿਆ ਸੀ। ਝੜਪ ਦੌਰਾਨ ਫਾਈਰਿੰਗ ਹੋਈ ਸੀ। ਗੱਡੀਆਂ ਦੀ ਭੰਨਤੋੜ੍ਹ ਵੀ ਕੀਤੀ ਗਈ ਸੀ। ਦੂਜੀ ਧਿਰ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਨਾਲ ਬਾਰ ਐਸੋਸੀਏਸ਼ਨ ਵਿਚ ਪ੍ਰਚਾਰ ਲਈ ਪਹੁੰਚੇ ਸਨ, ਜਿਥੇ ਹਾਈ ਵੋਲਟੇਜ ਡਰਾਮਾ ਹੋ ਗਿਆ। ਬੈਂਸ ਨੂੰ ਗਿਲ ਬਾਜ਼ਾਰ, ਸ਼ਿਮਲਾਪੁਰੀ ਵਿਖੇ ਹੋਈ ਝੜਪ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿਚ ਆਤਮ ਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰ ਰਹੇ ਕਾਂਗਰਸੀ ਵਰਕਰਾਂ ‘ਤੇ ਐਲਆਈਪੀ ਵਰਕਰਾਂ ਵੱਲੋਂ ਹਮਲੇ ਦਾ ਇਲਜ਼ਾਮ ਹੈ। ਘਟਨਾ ਤੋਂ ਬਾਅਦ ਬੈਂਸ, ਉਸ ਦੇ ਪੁੱਤਰ ਅਤੇ 32 ਹੋਰਾਂ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।