ਰਾਜਸਥਾਨ- ਦੇਸ਼ ਦੇ ਜ਼ਿਆਦਾਤਰ ਸੂਬੇ ਹਵਾ ਪ੍ਰਦੂਸ਼ਣ ਦੀ ਲਪੇਟ ਵਿਚ ਹਨ। ਪ੍ਰਦੂਸ਼ਣ ਇਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਵਧਦੇ ਹਵਾ ਪ੍ਰਦੂਸ਼ਣ ਕਾਰਨ ਰਾਜਸਥਾਨ ਖੈਰਥਲ-ਤਿਜਾਰਾ ਜ਼ਿਲ੍ਹੇ ‘ਚ 5ਵੀਂ ਜਮਾਤ ਤੱਕ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ‘ਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 20 ਤੋਂ 23 ਨਵੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ।
ਜ਼ਿਲ੍ਹਾ ਕੁਲੈਕਟਰ ਕਿਸ਼ੋਰ ਕੁਮਾਰ ਨੇ ਹੁਕਮ ਜਾਰੀ ਕੀਤੇ ਕਿ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ 20 ਤੋਂ 23 ਨਵੰਬਰ ਤੱਕ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕ ਇਸ ਸਮੇਂ ਦੌਰਾਨ ਆਨਲਾਈਨ ਪੜ੍ਹਾਈ ਯਕੀਨੀ ਬਣਾਉਣਗੇ। ਛੁੱਟੀ ਦਾ ਹੁਕਮ ਸਿਰਫ਼ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ। ਅਧਿਆਪਕਾਂ ਦੀ ਛੁੱਟੀ ਨਹੀਂ ਹੋਵੇਗੀ ਅਤੇ ਉਹ ਸਕੂਲ ਆ ਕੇ ਬੱਚਿਆਂ ਨੂੰ ਆਨਲਾਈਨ ਪੜ੍ਹਾਉਣਗੇ।
ਇਹ ਹੁਕਮ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਦਿੱਲੀ-NCR ਖੇਤਰ ਵਿਚ ਵੱਧਦੇ ਪ੍ਰਦੂਸ਼ਣ ਕਾਰਨ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਠੰਡ ਵੱਧਣ ਨਾਲ ਹੀ ਕਰੀਬ 25 ਜ਼ਿਲ੍ਹਿਆਂ ਵਿਚ ਹਵਾ ਗੁਣਵੱਤਾ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਰਾਜਸਥਾਨ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਸਮੇਂ ਰਾਜਸਥਾਨ ਦੇ ਕਈ ਮੁੱਖ ਜ਼ਿਲ੍ਹੇ ਜਿਵੇਂ ਕਿ ਝੁੰਝੁਨੂੰ, ਭਿਵਾੜੀ, ਕਰੌਲੀ ਅਤੇ ਬੀਕਾਨੇਰ ਵਿਚ ਏਅਰ ਕੁਆਲਿਟੀ ਇੰਡੈਕਸ (AQI) 300 ਤੋਂ ਵੱਧ ਦਰਜ ਕੀਤਾ ਗਿਆ ਹੈ। ਝੁੰਝੁਨੂੰ ਦਾ AQI 432, ਬਹਿਰੋੜ ਦਾ 350, ਭਿਵਾੜੀ ਦਾ 348 ਅਤੇ ਅਲਵਰ ਦਾ 175 ਤੱਕ ਪਹੁੰਚ ਗਿਆ ਹੈ, ਜੋ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ।