ਅੰਮ੍ਰਿਤਸਰ – ਆਈ ਫਲੂ ਦਾ ਕਹਿਰ ਲਗਾਤਾਰ ਤੇਜ਼ੀ ਨਾਲ ਅੰਮ੍ਰਿਤਸਰ ਵਿਚ ਵਧ ਰਿਹਾ ਹੈ। ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀ ਜਿੱਥੇ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ, ਉੱਥੇ ਹੀ ਕਈ ਅਧਿਆਪਕ ਵੀ ਇਸ ਬੀਮਾਰੀ ਤੋਂ ਨਹੀਂ ਬਚ ਪਾਏ ਹਨ ਅਤੇ ਲੱਖਾਂ ਲੋਕ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ। ਫ਼ਿਲਹਾਲ ਸਿੱਖਿਆ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਦੀ ਨਸੀਅਤ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੂੰ ਫਲੂ ਦਾ ਕੋਈ ਵੀ ਲੱਛਣ ਹੈ ਤਾਂ ਉਸ ਨੂੰ ਤੁਰੰਤ ਘਰ ਭੇਜ ਦਿੱਤਾ ਜਾਵੇ ਅਤੇ ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਉਸ ਨੂੰ ਸਕੂਲ ਨਾ ਬੁਲਾਇਆ ਜਾਵੇ।
ਜਾਣਕਾਰੀ ਅਨੁਸਾਰ ਆਈ ਫਲੂ ਜਿਸ ਨੂੰ ਪਿੰਕ ਆਈ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਹ ਬੀਮਾਰੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਜ਼ਿਲ੍ਹੇ ਵਿਚ ਅਜਿਹੇ ਹਾਲਾਤ ਬਣੇ ਹਨ ਕਿ ਲੱਖਾਂ ਦੀ ਤਾਦਾਦ ਵਿਚ ਜਿੱਥੇ ਆਮ ਜਨਤਾ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ, ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੀ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਰਹੇ ਹਨ।
ਮਾਨਸੂਨ ਦੌਰਾਨ, ਘੱਟ ਤਾਪਮਾਨ ਅਤੇ ਉੱਚ ਨਮੀ ਕਾਰਨ, ਲੋਕ ਬੈਕਟੀਰੀਆ, ਵਾਇਰਸ ਅਤੇ ਐਲਰਜੀਨ ਦੇ ਸੰਪਰਕ ਵਿਚ ਆਉਂਦੇ ਹਨ, ਜਿਸ ਨਾਲ ਐਲਰਜੀ ਪ੍ਰਤੀਕਰਮ ਅਤੇ ਕੰਨਜਕਟਿਵਾਇਟਿਸ ਵਰਗੇ ਅੱਖਾਂ ਦੀ ਲਾਗ ਹੁੰਦੀ ਹੈ। ਇਸ ਨੂੰ ‘ਪਿੰਕ ਆਈ’ ਕਿਉਂ ਕਿਹਾ ਜਾਂਦਾ ਹੈ? ਕੰਨਜਕਟਿਵਾਇਟਿਸ, ਜਿਸ ਨੂੰ ‘ਪਿੰਕ ਆਈ’ ਵੀ ਕਿਹਾ ਜਾਂਦਾ ਹੈ, ਕੰਨਜਕਟਿਵਾ ਦੀ ਸੋਜਸ਼ ਹੈ (ਪਤਲੀ, ਸਪੱਸ਼ਟ ਪਰਤ ਜੋ ਝਮੱਕੇ ਦੇ ਅੰਦਰਲੇ ਹਿੱਸੇ ਨੂੰ ਢੱਕਦੀ ਹੈ ਅਤੇ ਅੱਖ ਦੇ ਚਿੱਟੇ ਹਿੱਸੇ ਨੂੰ ਢੱਕਦੀ ਹੈ)। ਇਸ ਨੂੰ ਪਿੰਕ ਆਈ ਕਿਹਾ ਜਾਂਦਾ ਹੈ, ਕਿਉਂਕਿ ਕੰਨਜਕਟਿਵਾਇਟਿਸ ਅਕਸਰ ਅੱਖ ਦਾ ਚਿੱਟਾ ਹਿੱਸਾ ਗੁਲਾਬੀ ਜਾਂ ਲਾਲ ਹੋ ਜਾਂਦਾ ਹੈ। ਇਕ ਦੂਸਰੇ ਤੋਂ ਇਹ ਰੋਗ ਅਸਾਨੀ ਨਾਲ ਫੈਲ ਰਿਹਾ ਹੈ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਵਿਚ ਜਾਗਰੂਤਾਂ ਦੀ ਘਾਟ ਹੋਣ ਕਾਰਨ ਇਹ ਬੀਮਾਰੀ ਫੈਲ ਰਹੀ ਹੈ। ਇਹ ਬੀਮਾਰੀ ਹਫ਼ਤੇ 10 ਦਿਨ ਬਾਅਦ ਠੀਕ ਹੋ ਰਹੀ ਹੈ। ਜੋ ਵਿਦਿਆਰਥੀ ਇਸ ਬੀਮਾਰੀ ਦੀ ਜਕੜ ਵਿਚ ਆ ਰਹੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਬੀਮਾਰ ਹੋ ਰਹੇ ਹਨ।