ਤਰਨਤਾਰਨ ‘ਚ ਹਥਿਆਰਾਂ ਸਣੇ ਕਬਜ਼ਾ ਲੈਣ ਪੁੱਜੇ 14 ਵਿਅਕਤੀਆਂ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ


ਤਰਨਤਾਰਨ- ਨਜ਼ਦੀਕੀ ਪਿੰਡ ਅਲਾਵਲਪੁਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਧਿਰ ਵਲੋਂ ਜ਼ਬਰਦਸਤੀ ਵਾਹੀਯੋਗ ਜ਼ਮੀਨ ਉੱਪਰ ਰਾਈਫ਼ਲਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਸਮੇਤ ਪੁੱਜੇ ਵਿਅਕਤੀਆਂ ਵਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ 14 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਮੁਲਜ਼ਮਾਂ ਨੇ ਜਿੱਥੇ ਹਥਿਆਰਾਂ ਨਾਲ ਲੈਸ ਹੋ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉੱਥੇ ਸਾਬਕਾ ਐੱਸ. ਜੀ. ਪੀ. ਸੀ. ਮੈਂਬਰ ਬਜ਼ੁਰਗ ਮਾਤਾ ਨਾਲ ਬਦਸਲੂਕੀ ਕਰਦੇ ਹੋਏ ਜ਼ਖ਼ਮੀ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸਰਦਾਰਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਅਲਾਵਲਪੁਰ ਨੇ ਦੱਸਿਆ ਕਿ ਉਸਦੀ ਆਪਣੇ ਚਾਚੇ ਸੰਪੂਰਨ ਸਿੰਘ ਵਾਸੀ ਪਿੰਡ ਅਲਾਵਲਪੁਰ ਨਾਲ ਸਾਂਝੀ ਜ਼ਮੀਨ ਰਾਹੀਂ ਖੇਤੀਬਾੜੀ ਕੀਤੀ ਜਾ ਰਹੀ ਹੈ, ਜਿਸ ਤਹਿਤ ਚਾਚੇ ਵਲੋਂ ਸਾਂਝੇ ਖਾਤੇ ਵਿਚੋਂ ਆਪਣੇ ਬੱਚੇ ਅਮਰੀਕਾ, ਆਸਟ੍ਰੇਲੀਆ, ਜਰਮਨੀ ਵਿਖੇ ਸੈੱਟ ਕੀਤੇ ਜਾ ਚੁੱਕੇ ਹਨ, ਜਿਸ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਗਿਆ। ਜਦ ਹੁਣ ਜ਼ਮੀਨ ਦੀ ਵੰਡ ਦਾ ਸਮਾਂ ਆਇਆ ਤਾਂ ਚਾਚਾ ਸੰਪੂਰਨ ਸਿੰਘ ਕੋਈ ਵੀ ਹਿਸਾਬ ਨਾ ਦਿੰਦੇ ਹੋਏ ਝਗੜਾ ਕਰਦਾ ਹੈ।

ਸਰਦਾਰਾ ਸਿੰਘ ਨੇ ਦੱਸਿਆ ਕਿ ਚਾਚੇ ਵਲੋਂ ਜ਼ਬਰਦਸਤੀ ਸਾਂਝੀ ਜ਼ਮੀਨ ਪਰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਸਬੰਧੀ ਕਈ ਵਾਰ ਰਿਸ਼ਤੇਦਾਰ ਅਤੇ ਪੁਲਸ ਵਲੋਂ ਇਸ ਸਬੰਧੀ ਬੈਠਕ ਵੀ ਕਰਵਾਈ ਜਾ ਚੁੱਕੀ ਹੈ। ਸਰਦਾਰਾ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੰਪੂਰਨ ਸਿੰਘ ਚਾਚਾ ਆਪਣੇ ਕਰੀਬ ਇਕ ਦਰਜਨ ਹੋਰ ਸਾਥੀਆਂ ਸਣੇ ਜਿਨ੍ਹਾਂ ਕੋਲ 315 ਬੋਰ ਦੀਆਂ ਤਿੰਨ ਰਾਈਫ਼ਲਾਂ, ਪਿਸਤੌਲ, ਦਾਤਰ ਅਤੇ ਕਿਰਪਾਨਾਂ ਮੌਜੂਦ ਸਨ, ਵਲੋਂ ਟਰੈਕਟਰ ਦੀ ਮਦਦ ਨਾਲ ਜ਼ਬਰਦਸਤੀ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਉਹ ਆਪਣੇ ਪੁੱਤਰ ਅਜੇ ਪਾਲ ਸਿੰਘ, ਪਤਨੀ ਅਤੇ ਬਜ਼ੁਰਗ ਮਾਤਾ ਮਨਜੀਤ ਕੌਰ ਨਾਲ ਮੌਕੇ ’ਤੇ ਪੁੱਜੇ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਵਲੋਂ ਜ਼ਬਰਦਸਤੀ ਜ਼ਮੀਨ ਨੂੰ ਟਰੈਕਟਰ ਦੀ ਮਦਦ ਨਾਲ ਵਾਹੁਣਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਮੁਲਜ਼ਮਾਂ ਨੇ ਹਥਿਆਰਾਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰੋਕਣ ਲਈ ਜਦੋਂ ਉਸਦੀ ਪਤਨੀ ਅਤੇ ਉਸਦੀ ਬਜ਼ੁਰਗ ਮਾਤਾ ਅੱਗੇ ਹੋਏ ਤਾਂ ਉਨ੍ਹਾਂ ਨੇ ਬੇਇੱਜ਼ਤੀ ਕਰਦੇ ਹੋਏ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਸੱਟਾਂ ਲਗਾਈਆਂ। ਇਸ ਦੌਰਾਨ ਉਸਦੀ ਮਾਤਾ ਦੀ ਬਾਂਹ ਉੱਪਰ ਗੰਭੀਰ ਸੱਟ ਲੱਗ ਗਈ, ਜਿਸਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮਾਂ ਵਲੋਂ ਉਸ ਉੱਪਰ ਹਮਲਾ ਕਰਦੇ ਹੋਏ ਜਿੱਥੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਉੱਥੇ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ। ਪੀੜਤ ਪਰਿਵਾਰ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਸਰਦਾਰ ਸਿੰਘ ਦੇ ਬਿਆਨਾਂ ਹੇਠ ਸੰਪੂਰਨ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਪਿੰਡ ਅਲਾਵਲਪੁਰ, ਤਲਬੀਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੱਦਗਿੱਲ, ਅੰਮ੍ਰਿਤਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕੋਹਾਲੀ ਜ਼ਿਲਾ ਅੰਮ੍ਰਿਤਸਰ, ਸੁਖਵੰਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਕੱਦਗਿੱਲ, ਰਣਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੱਦਗਿੱਲ ਅਤੇ ਅਮਨਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਦੀਨੇਵਾਲ ਤੋਂ ਇਲਾਵਾ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *