ਚੰਡੀਗੜ੍ਹ 30 ਜੂਨ (ਦਲਜੀਤ ਸਿੰਘ)- ਡੀਜ਼ਲ ਪੈਟਰੋਲ ਦੇ ਅਸਮਾਨੀਂ ਚਾੜ੍ਹੇ ਰੇਟਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 2 ਜੁਲਾਈ ਦੇ ਜਿਲ੍ਹਾ ਪੱਧਰੇ ਧਰਨਿਆਂ ਵਿੱਚ ਖੇਤੀ ਲਈ ਪੂਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦਾ ਮੁੱਦਾ ਵੀ ਜ਼ੋਰ ਨਾਲ ਉਠਾਇਆ ਜਾਵੇਗਾ।ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡ ਪਿੰਡ ਹੋਕਾ ਮਾਰਚਾਂ ਅਤੇ ਸੱਥ-ਮੀਟਿੰਗਾਂ ਰਾਹੀਂ ਇਨ੍ਹਾਂ ਧਰਨਿਆਂ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ ਹਨ। ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੇ ਟਰਾਂਸਪੋਰਟਰਾਂ ਅਤੇ ਹੋਰ ਕਾਰੋਬਾਰੀਆਂ ਵਿੱਚ ਇਸ ਵਾਧੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਮੋਦੀ ਸਰਕਾਰ ਦੀਆਂ ਸਾਮਰਾਜੀ ਕਾਰਪੋਰੇਟਾਂ ਪੱਖੀ ਨੀਤੀਆਂ ਕਾਰਨ ਹੀ ਇਨ੍ਹਾਂ ਰੇਟਾਂ ਵਿੱਚ ਸਰਾਸਰ ਨਜਾਇਜ਼ ਵਾਧੇ ਲਗਾਤਾਰ ਹੋ ਰਹੇ ਹਨ। ਇਰਾਕ ਯੁੱਧ ਵੇਲੇ ਨਾਲੋਂ ਕੱਚੇ ਤੇਲ ਦੇ ਕੌਮਾਂਤਰੀ ਰੇਟ ਤਾਂ ਅਜੇ ਵੀ ਅੱਧ ਤੋਂ ਥੱਲੇ ਹਨ, ਪ੍ਰੰਤੂ ਦੇਸ਼ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਉਸ ਵੇਲੇ ਨਾਲੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਵਧਾਏ ਜਾ ਚੁੱਕੇ ਹਨ। ਭਾਜਪਾ ਸਰਕਾਰ ਨੇ ਅਖੌਤੀ ਨਵੀਂਆਂ ਆਰਥਿਕ ਨੀਤੀਆਂ ਤਹਿਤ ਨਿਜੀ ਤੇਲ ਕੰਪਨੀਆਂ ਨੂੰ ਰੋਜ਼ਾਨਾ ਮਨਮਰਜ਼ੀ ਨਾਲ ਰੇਟ ਵਧਾਉਣ ਦੀ ਖੁੱਲ੍ਹ ਵੀ ਦੇ ਰੱਖੀ ਹੈ ਅਤੇ ਆਮ ਮਹਿੰਗਾਈ ਦੇ ਨਾਲ ਹੀ ਖੇਤੀ ਖ਼ਰਚਿਆਂ ‘ਚ ਭਾਰੀ ਵਾਧੇ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਇਨ੍ਹਾਂ ਈਂਧਨਾਂ ਨੂੰ ਜੀ ਐਸ ਟੀ ਦੇ ਦਾਇਰੇ ਤੋਂ ਬਾਹਰ ਰੱਖ ਕੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੱਕਤੋੜ ਟੈਕਸ ਵੀ ਲਾਏ ਹੋਏ ਹਨ। ਏਸ਼ੀਆ ਦੇ ਸਾਰੇ ਦੇਸ਼ਾਂ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਭਾਰਤ ਨਾਲੋਂ ਬਹੁਤ ਨੀਂਵੇਂ ਹਨ। ਇਨ੍ਹਾਂ ਲੋਕ ਮਾਰੂ ਹਕੂਮਤੀ ਨੀਤੀਆਂ ਕਾਰਨ ਪੂਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਟਰਾਂਸਪੋਰਟਰਾਂ ਤੇ ਆਮ ਲੋਕਾਂ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਡੀਜ਼ਲ ਪੈਟਰੋਲ ਦਾ ਸਾਰਾ ਕਾਰੋਬਾਰ ਸਰਕਾਰੀ ਹੱਥਾਂ ‘ਚ ਲੈ ਕੇ ਅਤੇ ਜੀ ਐਸ ਟੀ ਦੀ 5% ਟੈਕਸ ਕੈਟੇਗਰੀ ‘ਚ ਸ਼ਾਮਲ ਕਰਕੇ ਇਨ੍ਹਾਂ ਦੀ ਸਪਲਾਈ ‘ਨਾ ਲਾਭ ਨਾ ਹਾਨੀ’ ਦੇ ਆਧਾਰ ‘ਤੇ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਖੇਤੀ ਲਈ ਐਲਾਨੀ ਗਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਯਕੀਨੀ ਨਾ ਬਣਾਉਣ ਕਾਰਨ ਅਤੀ ਮਹਿੰਗੇ ਡੀਜ਼ਲ ਦੀ ਵਧੇਰੇ ਖਪਤ ਨਾਲ ਕਿਸਾਨਾਂ ਦੇ ਲਾਗਤ ਖਰਚਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਵੀ ਜ਼ੋਰ ਨਾਲ ਉਠਾਈ ਜਾਵੇਗੀ, ਜਿਸ ਖਾਤਰ ਪਹਿਲਾਂ ਹੀ ਬਿਜਲੀ ਅਧਿਕਾਰੀਆਂ ਵਿਰੁੱਧ ਥਾਂ ਥਾਂ ਧਰਨੇ ਘਿਰਾਓ ਜਾਰੀ ਹਨ। ਉੱਪਰੋਂ ਮੀਂਹ ਨਾਂਹ-ਮਾਤਰ ਪੈਣ ਕਾਰਨ ਪੈਦਾ ਹੋ ਰਹੀ ਸੋਕੇ ਵਰਗੀ ਸਥਿਤੀ ਨਾਲ ਨਜਿੱਠਣ ਲਈ ਹੋਰ ਵਧੇਰੇ ਬਿਜਲੀ ਸਪਲਾਈ ਦੇ ਅਗਾਊਂ ਪ੍ਰਬੰਧਾਂ ਵੱਲ ਵੀ ਧਿਆਨ ਦਿਵਾਇਆ ਜਾਵੇਗਾ। ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ, ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਹੋਰ ਕਾਰੋਬਾਰੀਆਂ ਨੂੰ 2 ਜੁਲਾਈ ਦੇ ਇਨ੍ਹਾਂ ਜ਼ਿਲ੍ਹਾ ਪੱਧਰੀ ਧਰਨਿਆਂ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਆਪਣਾ ਬਿਆਨ ਜਾਰੀ ਰੱਖਦੇ ਹੋਏ ਕਿਸਾਨ ਆਗੂਆਂ ਨੇ ਬੀਤੇ ਦਿਨ ਚੰਡੀਗੜ੍ਹ ਪੁਲਿਸ ਵੱਲੋਂ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਕੱਚੇ ਅਧਿਆਪਕ ਅਧਿਆਪਕਾਂਵਾਂ ਦਾ ਸ਼ਾਂਤਮਈ ਸੰਘਰਸ਼ ਦਾ ਹੱਕ ਖੋਹਣ ਲਈ ਉਨ੍ਹਾਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਦਾ ਜਬਰ ਢਾਹੁਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਪੰਜਾਬ ਦੇ ਸਾਰੇ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਮੰਗ ਕੀਤੀ ਗਈ ਹੈ।
Related Posts
ਆਮ ਆਦਮੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਰੇਕ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ: ਭਗਵੰਤ ਮਾਨ
ਲੁਧਿਆਣਾ, 15 ਅਗਸਤ -ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਰੇਕ ਗਾਰੰਟੀਆਂ ਨੂੰ…
ਹੁਸ਼ਿਆਰਪੁਰ ‘ਚ ਕਾਂਗਰਸ ਨੂੰ ਝਟਕਾ, ਮੇਅਰ ਸਮੇਤ 3 ਕੌਂਸਲਰ ‘ਆਪ’ ਵਿਚ ਹੋਏ ਸ਼ਾਮਲ
ਹੁਸ਼ਿਆਰਪੁਰ – ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਦਾ ਵੱਡਾ ਝਟਕਾ ਲੱਗਾ ਜਦੋਂ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਛਿੰਦਾ…
ਮਾਪੇ-ਅਧਿਆਪਕ ਮਿਲਣੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ, ਮਾਪਿਆਂ ਦਾ ਦੁੱਖ ਸੁਣ ਭਾਵੁਕ ਹੋਏ ਮਾਨ
ਪਟਿਆਲਾ : ਇਥੋਂ ਦੇ ਮਾਡਲ ਟਾਊਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ੇਸ਼ ਤੌਰ ਉੱਤੇ…