ਭਿੰਡ/ਗਵਾਲੀਅਰ, 21 ਅਕਤੂਬਰ (ਦਲਜੀਤ ਸਿੰਘ)- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਜਹਾਜ਼ ਉਡਾ ਰਹੇ ਪਾਇਲਟ ਸੁਰੱਖਿਅਤ ਬਚ ਨਿਕਲਣ ’ਚ ਸਫਲ ਰਹੇ। ਉਹ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ। ਪੁਲਸ ਅਤੇ ਅਧਿਕਾਰਤ ਸੂਤਰਾਂ ਨੇ ਸ਼ੁਰੂਆਤੀ ਸੂਚਨਾਵਾਂ ਦੇ ਹਵਾਲੇ ਤੋਂ ਦੱਸਿਆ ਕਿ ਹਵਾਈ ਫ਼ੌਜ ਦਾ ਇਹ ਜਹਾਜ਼ ਭਿੰਡ ਦੇ ਦੇਹਾਤ ਥਾਣਾ ਖੇਤਰ ਦੇ ਇਕ ਖੇਤ ’ਚ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗ ਗਿਆ।
ਇਹ ਜਹਾਜ਼ ਮਿਰਾਜ਼ ਦੱਸਿਆ ਗਿਆ ਹੈ। ਇਸ ਦਾ ਮਲਬਾ ਆਲੇ-ਦੁਆਲੇ ਦੇ ਖੇਤਰ ਵਿਚ ਫੈਲ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਉਡਾ ਰਹੇ ਪਾਇਲਟ ਦੀ ਪਹਿਚਾਣ ਲੈਫਟੀਨੈਂਟ ਅਭਿਲਾਸ਼ ਦੇ ਰੂਪ ਵਿਚ ਹੋਈ ਹੈ। ਜੋ ਖੇਤ ਵਿਚ ਮਿਲੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਤੇ ਪੁਲਸ ਦੀ ਮਦਦ ਨਾਲ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ। ਭਿੰਡ ਦੇ ਐੱਸ. ਪੀ. ਮਨੋਜ ਕੁਮਾਰ ਸਿੰਘ ਨੇ ਦੱਸਿਆ ਗਿਆ ਹੈ ਕਿ ਜਹਾਜ਼ ਨੇ ਗਵਾਲੀਅਰ ਸਥਿਤ ਹਵਾਈ ਫ਼ੌਜ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਕੁਝ ਦੇਰ ਬਾਅਦ ਇਹ ਹਾਦਸਾ ਹੋ ਗਿਆ।