ਭੋਗਪੁਰ 11 ਦਸੰਬਰ (ਬਿਊਰੋ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਚਲਦਿਆਂ ਕੇਂਦਰ ਵੱਲੋਂ ਤਿੰਨੋਂ ਖੇਤੀ ਬਿੱਲ ਵਾਪਸ ਲਏ ਜਾ ਚੁੱਕੇ ਹਨ। ਕਿਸਾਨਾਂ ਦੀਆਂ ਬਾਕੀ ਮੰਗਾਂ ਵੀ ਜਲਦ ਮੰਨ ਲੈਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਘਰ ਵਾਪਸੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਲੈ ਕੇ ‘ਮਿਸ਼ਨ ਪੰਜਾਬ’ ਦੇ ਬੈਨਰ ਹੇਠ ਨਵਾਂ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ ਹੱਥੋਂ ਕਿਸਾਨ ਅੰਦੋਲਨ ਦਾ ਮੁੱਦਾ ਜਾ ਚੁੱਕਾ ਹੈ। ਇਸ ਮੁੱਦੇ ਨੂੰ ਲੈ ਕੇ ਅਕਸਰ ਕਾਂਗਰਸ ਪਾਰਟੀ ਅਕਾਲੀ ਦਲ ਅਤੇ ਭਾਜਪਾ ਨੂੰ ਟਾਰਗੈੱਟ ਕਰਦੀ ਰਹੀ ਹੈ। ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਨੇ 17 ਦਸਬੰਰ ਨੂੰ ਚੰਡੀਗੜ੍ਹ ਦੇ ਖੇਤੀ ਭਵਨ ’ਚ ਮੀਟਿੰਗ ਬੁਲਾਈ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਸੀ, ਜਿਸ ’ਚ 18 ਮੁੱਦਿਆਂ ’ਤੇ ਸਹਿਮਤੀ ਬਣ ਗਈ ਸੀ ਪਰ ਕਰਜ਼ਾ ਮੁਆਫੀ ਦਾ ਮੁੱਦਾ ਲਟਕ ਗਿਆ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਇਸ ਬਾਰੇ ਰਿਪੋਰਟ ਲੈ ਕੇ ਫਿਰ ਦੁਬਾਰਾ ਮੀਟਿੰਗ ਕਰਨਗੇ ਪਰ ਸਰਕਾਰ ਉਨ੍ਹਾਂ ਵੱਲੋਂ ਮੀਟਿੰਗ ਨਾ ਕਰਨ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੱਲੋਂ ‘ਮਿਸ਼ਨ ਪੰਜਾਬ’ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ। ਇਸੇ ਚਿੰਤਾ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰ ਕੇ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ, ਜਿਨ੍ਹਾਂ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕੁਲਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕੁਲਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ, ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਮਾਝਾ ਕਿਸਾਨ ਕਮੇਟੀ, ਇੰਡੀਅਨ ਫਾਰਮਰ ਐਸੋਸੀਏਸ਼ਨ ਆਫ ਇੰਡੀਆ, ਲੋਕ ਇਨਸਾਫ ਵੈਲਫੇਅਰ ਸੁਸਾਇਟੀ, ਦੋਆਬਾ ਕਿਸਾਨ ਸਮਿਤੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ, ਗੰਨਾ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਕਮੇਟੀ ਦੋਆਬਾ, ਭਾਰਤੀ ਕਿਸਾਨ ਯੂਨੀਅਨ (ਪੀ), ਕਿਸਾਨ ਬਚਾਓ ਮੋਰਚਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁਲਹਿੰਦ ਕਿਸਾਨ ਫੈੱਡਰੇਸ਼ਨ, ਦੋਆਬਾ ਕਿਸਾਨ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨਾਂ ਨੂੰ 17 ਦਸਬੰਰ ਨੂੰ ਖੇਤੀ ਭਵਨ ’ਚ ਮੀਟਿੰਗ ਲਈ ਬੁਲਾਇਆ ਗਿਆ ਹੈ।
ਕੈਪਟਨ ਕਰ ਰਹੇ ਹਨ ਕਰਜ਼ਾ ਮੁਆਫ਼ੀ ਦਾ ਦਾਅਵਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਕਰਜ਼ਾ ਮੁਆਫੀ ਦਾ ਦਾਅਵਾ ਕਾਂਗਰਸ ਲਈ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਕੈਪਟਨ ਵੱਲੋਂ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ’ਚ ਪੰਜਾਬ ਦੇ 5 ਲੱਖ 64 ਕਿਸਾਨਾਂ ਦੇ 4624 ਕਰੋੜ ਮੁਆਫ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ 2 ਲੱਖ 85 ਹਜ਼ਾਰ ਬੇਜ਼ਮੀਨੇ ਮਜ਼ਦੂਰਾਂ ਦੇ 520 ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।