ਬੰਗਾ, 11 ਦਸੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬੰਗਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਦੋ ਡਿਪਟੀ ਸੀ.ਐੱਮ. ਬਣਨਗੇ, ਜਿਨ੍ਹਾਂ ’ਚੋਂ ਇਕ ਬਸਪਾ ਕੋਟੇ ’ਚੋਂ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਬਸਪਾ ਕੋਟੇ ਤੋਂ ਇਕ ਡਿਪਟੀ ਸੀ.ਐੱਮ. ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ ਕੱਸੇ, ਉਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਸਰਕਾਰ ਹੀ ਨਹੀਂ ਹੈ। ਪੰਜਾਬ ’ਚ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਕਾਂਗਰਸ ਸਰਕਾਰ ਨੇ ਤਾਂ ਆਪਣੇ ਕਾਰਜਕਾਲ ’ਚ ਪੰਜਾਬ ਦੀ ਜਨਤਾ ਲਈ ਕੁਝ ਵੀ ਨਹੀਂ ਕੀਤਾ ਹੈ।
ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਉਹ ਕਿਸੇ ਵੀ ਹਲਕੇ ’ਚ ਨਹੀਂ ਗਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਖਜਾਨਾ ਖਾਲੀ ਨਹੀਂ ਜਦਕਿ ਇਨ੍ਹਾਂ ਦੀ ਨੀਅਤ ’ਚ ਕਮੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਲੀਡਰ ਆਫ਼ ਹਾਊਸ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ 2002 ਅਤੇ 2007 ’ਚ ਕਾਂਗਰਸ ਦੀ ਸਰਕਾਰ ਨੇ ਕੀਤਾ ਕੀ ਹੈ, ਕੋਈ ਪੰਜ ਚੀਜ਼ਾਂ ਗਿਣਾ ਦਿਓ ਤਾਂ ਕੁਝ ਵੀ ਨਹੀਂ ਦੱਸ ਸਕੇ ਸਨ, ਸਿਰਫ਼ ਇਹੀ ਕਿਹਾ ਕਿ ਪੈਚਵਰਕ ਕੀਤਾ ਹੈ। ਸਭ ਤੋਂ ਵੱਡੇ ਰੇਤ ਮਾਫ਼ੀਆ, ਜਾਅਲੀ ਸ਼ਰਾਬ ਵੇਚਣ ਵਾਲੇ ਤਾਂ ਇਹੀ ਹੈ ਅਤੇ ਗੁੰਡਾਗਰਦੀ ਕਰਨ ’ਤੇ ਲੱਗੇ ਹੋਏ ਹਨ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ’ਚ ਖਜਾਨਾ ’ਚ ਕਮੀ ਨਹੀਂ ਜਦਕਿ ਇਨ੍ਹਾਂ ਦੀ ਨੀਅਤ ’ਚ ਹੀ ਕਮੀ ਹੈ। ਇਹ ਇਕੱਲਾ ਪੰਜਾਬ ਨੂੰ ਲੁੱਟਣ ’ਤੇ ਹੀ ਲੱਗੇ ਹਨ। ਇਹੋ ਜਿਹੀ ਮਾੜੀ ਸਰਕਾਰ ਨੂੰ ਅੱਜ ਬਦਲਾਉਣ ਦੀ ਲੋੜ ਹੈ।