ਤਰਨਤਾਰਨ : ਤਰਨਤਾਰਨ ਜ਼ਿਮਨੀ ਚੋਣ ਲਈ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਨੇ ਪ੍ਰਚਾਰ ਨੂੰ ਤੇਜ ਕਰਦੇ ਹੋਏ ਹਲਕੇ ਦੇ ਸਾਰੇ ਬੂਥਾਂ ਲਈ ਆਪੋ ਆਪਣੀ ਡਿਊਟੀ ਸਾਂਭੀ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਤਰਨਤਾਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਈ ਮਨਦੀਪ ਸਿੰਘ ਤੇ ਉਨ੍ਹਾਂ ਦੇ ਭਰਾ ਭਾਈ ਹਰਦੀਪ ਸਿੰਘ ਦੀ ਹਾਜ਼ਰੀ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਲੜਾਈ ਪੰਥ ਅਤੇ ਪੰਥ ਵਿਰੋਧੀ ਧਿਰ ਸਮੇਤ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵਿਚਾਲੇ ਹੈ। ਤਰਨਤਾਰਨ ਉਹ ਹਲਕਾ ਜਿਸ ਨੇ ਨਕਲੀ ਪੁਲਿਸ ਮੁਕਾਬਲਿਆਂ ਦਾ ਸਭ ਤੋਂ ਵੱਧ ਸੰਤਾਪ ਹੰਢਾਇਆ।
ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਗੈਂਗਸਟਰਵਾਦ ਦੇ ਸਾਏ ਹੇਠ ਪੰਜਾਬ ਜਿਊਣ ਲਈ ਮਜਬੂਰ ਹੈ। ਹਰ ਰੋਜ ਫ਼ਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਹਨ। ਨਸ਼ੇ ਦੀ ਦਲਦਲ ਹੇਠ ਪੰਜਾਬ ਦੀ ਜਵਾਨੀ ਜਾ ਚੁੱਕੀ ਹੈ। ਇਹ ਸਭ ਸਰਕਾਰਾਂ ਸਰਪ੍ਰਸਤੀ ਹੇਠ ਹੋਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਹਲਕਾ ਤਰਨਤਾਰਨ ਦੀ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੀ 11 ਨਵੰਬਰ ਨੂੰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਆਪਣੀ ਵੋਟ ਪਾ ਕੇ ਪੰਥਕ ਏਕਤਾ ਅਤੇ ਸੋਚ ਨੂੰ ਜਿੱਤ ਦੇ ਰੂਪ ਵਿੱਚ ਬਦਲੀਏ। ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਦੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ। ਇਸ ਕੁਰਬਾਨੀ ਨੂੰ ਤਰਨਤਾਰਨ ਦੀ ਸੰਗਤ ਬਾਖੂਬੀ ਜਾਣਦੀ ਹੈ।
ਇਸ ਮੌਕੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਰਦਾਰ ਸੁਰਜੀਤ ਸਿੰਘ ਰੱਖੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਸਰਦਾਰ ਗਗਨਦੀਪ ਸਿੰਘ ਬਰਨਾਲਾ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਰਦਾਰ ਅਜੇਪਾਲ ਸਿੰਘ ਮੀਰਾਂਕੋਟ, ਸਰਦਾਰ ਜਸਬੀਰ ਸਿੰਘ ਘੁੰਮਣ, ਜੱਥੇਦਾਰ ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਰਣਜੀਤ ਕੌਰ ਤਲਵੰਡੀ, ਸਰਦਾਰ ਗੁਰਜੀਤ ਸਿੰਘ ਤਲਵੰਡੀ, ਰਘੁਬੀਰ ਸਿੰਘ ਰਾਜਾਸਾਂਸੀ, ਸਰਦਾਰ ਸੁਖਦੇਵ ਸਿੰਘ ਫਗਵਾੜਾ, ਸਰਦਾਰ ਸਵਿੰਦਰ ਸਿੰਘ ਦੋਬਲੀਆ, ਸਰਦਾਰ ਦਲਜਿੰਦਰ ਸਿੰਘ ਵਿਰਕ, ਅੰਗਰੇਜ ਸਿੰਘ ਦੋਬਲੀਆ, ਸਰਦਾਰ ਦਲਜੀਤ ਸਿੰਘ ਅਮਰਕੋਟ, ਮਨਜੀਤ ਸਿੰਘ ਦਸੂਹਾ, ਸਰਦਾਰ ਜਗਜੀਤ ਸਿੰਘ ਕੋਹਲੀ, ਰਣਧੀਰ ਸਿੰਘ ਰੱਖੜਾ, ਗੁਰਲਾਲ ਸਿੰਘ ਸੰਧੂ, ਗੁਰਵਿੰਦਰ ਸਿੰਘ ਅਤੇ ਝਬਾਲ, ਜਗਜੀਤ ਸਿੰਘ ਸੰਘਾ ਹਾਜ਼ਰ ਸਨ।
