ਸੁਲਤਾਨਪੁਰ ਲੋਧੀ -ਦਰਿਆ ਬਿਆਸ ਵੱਲੋਂ ਪਾਣੀ ਦੇ ਪੱਧਰ ਵਧਣ ਉਪਰੰਤ ਵਿਖਾਏ ਗਏ ਤਾਂਡਵ ਰੂਪ ’ਚ ਘਿਰੇ ਮੰਡ ਖੇਤਰ ਦੇ 16 ਪਿੰਡਾਂ ’ਚ ਤਬਾਹੀ ਮਚਾਉਣ ਦੀਆਂ ਖ਼ਬਰਾਂ ਰੋਜ਼ਾਨਾ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਛਾਪਣ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮੰਡ ਬਾਊਪੁਰ ਪੁਲ ਤੋਂ ਹੜ੍ਹ ਪੀੜਤ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਦੇਣ, ਮੈਡੀਕਲ ਸੁਵਿਧਾ, ਰਾਸ਼ਨ ਸਮੱਗਰੀ, ਪਸ਼ੂਆਂ ਲਈ ਹਰਾ ਚਾਰਾ ਮੈਡੀਕਲ ਸੁਵਿਧਾ ਦੇ ਦਾਅਵੇ ਕਰਨ ਦੇ ਬਾਵਜੂਦ ਹੜ੍ਹ ਪੀੜਤਾਂ ਤੱਕ ਇਹ ਸੁਵਿਧਾ ਨਾ ਪਹੁੰਚਣ ਲਈ ਹੜ੍ਹ ਨਾਲ ਘਿਰੇ ਇਨ੍ਹਾਂ ਪਿੰਡਾਂ ਦੇ ਲੋਕ ਵੀ ਬਹੁਤ ਗੁੱਸੇ ਵਿੱਚ ਹਨ।
ਪਾਣੀ ਦਾ ਲਗਾਤਾਰ ਵੱਧ ਰਹੇ ਪੱਧਰ ਨੇ ਪਹਿਲਾਂ ਫ਼ਸਲ ਅਤੇ ਹੁਣ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਕੇ ਚਾਰੇ ਪਾਸੇ ਬਰਬਾਦੀ ਦੀ ਕਹਾਣੀ ਲਿਖ ਦਿੱਤੀ ਹੈ। ਹੁਣ ਵੀ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੀ ਸਥਿਤੀ ਜਿਉਂ ਦੀ ਤਿਉਂ ਹੈ। ਹੜ੍ਹ ਨਾਲ ਘਿਰੇ ਕੁਝ ਪਿੰਡਾਂ ਖਿਜਰਪੁਰ, ਚੌਧਰੀਵਾਲ, ਮੁਹੰਮਦ ਆਲਮ ਖਾਂ, ਮਹੀਂਵਾਲ, ਸ਼ੇਰਪੁਰ, ਮੰਡ ਧੂੰਦਾ, ਮੰਡ ਪ੍ਰਤਾਪਪੁਰਾ ਦੇ ਹੜ ਪੀੜ੍ਹਤ ਲੋਕ ਕਿਸਾਨ ਆਗੂ ਅਮਰ ਸਿੰਘ ਮੰਡ, ਹਰਨੇਕ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ ਨੇ ਕਿਹਾ ਕਿ ਮੰਡ ਬਾਊਪੁਰ ਜਦੀਦ ਦੇ ਨਜ਼ਦੀਕ ਬੰਨ੍ਹ ਟੁੱਟਣ ਕਾਰਨ ਸਾਰਾ ਹੀ ਇਹ ਖੇਤਰ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਸਾਡੀਆਂ ਫ਼ਸਲਾਂ ਸਾਰੀਆਂ ਡੁੱਬ ਕੇ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਰਾਹਤ ਸਮੱਗਰੀ ਪ੍ਰਸ਼ਾਸਨ ਦਾ ਕਿਸੇ ਵੀ ਸੰਸਥਾ ਤੋਂ ਭੇਜੀ ਜਾਂਦੀ ਹੈ, ਉਹ ਮੰਡ ਬਾਊਪੁਰ ਜਦੀਦ ਪੁਲ ਤੋਂ ਹੋ ਕੇ ਹੀ ਚਲੀ ਜਾਂਦੀ ਹੈ।
ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਪਈ ਹੜ੍ਹਾਂ ਦੀ ਮਾਰ! ਹੋਈ ਭਾਰੀ ਤਬਾਹੀ
