ਪਟਿਆਲਾ : ਪਿੰਡ ਮਸਿੰਗਣ ਵਿਖੇ ਕੇਂਦਰ ਸਰਕਾਰ ਦੇ ਮੁਫਤ ਸਹੂਲਤ ਕੈਂਪ ਦੌਰਾਨ ਭਾਜਪਾ ਤੇ ਆਪ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਧਰਨਾ ਲਗਾ ਦਿੱਤਾ।
ਹਲਕਾ ਸਨੌਰ ਦੇ ਪਿੰਡ ਮਸਿੰਗਣ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਲਈ ਲਗਾਏ ਜਾ ਰਹੇ ਮੁਫਤ ਸਹੂਲਤਾਂ ਕੈਂਪ ਦੌਰਾਨ ਹੰਗਾਮਾ ਹੋ ਗਿਆ। ਕੈਂਪ ਵਿੱਚ ਮੌਜੂਦ ਭਾਜਪਾ ਆਗੂਆਂ ਦੇ ਵਰਕਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਕੂਨਾਂ ਵੱਲੋਂ ਪੁਲਿਸ ਦੀ ਮਦਦ ਨਾਲ ਧੱਕੇਸ਼ਾਹੀ ਕਰਦਿਆਂ ਕੈਂਪ ਬੰਦ ਕਰਵਾਇਆ ਗਿਆ। ਇੱਥੇ ਹੀ ਬੱਸ ਨਹੀਂ ਕੈਂਪ ਵਿੱਚ ਬੈਠੇ ਵਰਕਰਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਸਾਰਾ ਸਮਾਨ ਚੁੱਕ ਕੇ ਸੁੱਟ ਦਿੱਤਾ ਗਿਆ।
