ਇਥੋਂ ਨਜ਼ਦੀਕੀ ਪਿੰਡ ਜਲੂਪੁਰ ਖੈੜਾ ਦੇ ਖੇਤਾਂ ਵਿੱਚ ਬੀਤੀ ਰਾਤ ਕਰੀਬ ਡੇਢ ਵਜੇ ਅਸਮਾਨ ਤੋਂ ਵੱਡੀ ਮਾਤਰਾ ਵਿੱਚ ਮਿਜ਼ਾਈਲ/ਡਰੋਨ ਦੇ ਟੁਕੜੇ ਡਿੱਗਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਇਸ ਇਲਾਕੇ ਵਿੱਚ ਪਹਿਲਾਂ ਸਾਢੇ 8 ਵਜੇ ਫਿਰ 1 ਵਜੇ ਅਤੇ ਸਵੇਰੇ ਕਰੀਬ 5 ਵਜੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਜਿਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਹੈ। ਪਿੰਡ ਜਲੂਪੁਰ ਖੈੜਾ ਦੇ ਬਾਹਰ ਡੇਰਿਆਂ ਵਿੱਚ ਡੇਢ ਕਿਲੋਮੀਟਰ ਤੱਕ ਵੱਡੀ ਮਾਤਰਾ ਵਿੱਚ ਟੁਕੜੇ ਖਿਲਰੇ ਦਿਖਾਈ ਦਿੱਤੇ। ਹਾਲਾਂਕਿ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਦੂਜੇ ਪਾਸੇ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਤੋਂ ਬਾਅਦ ਅਸਮਾਨ ਵਿੱਚ ਭਾਰੀ ਧਮਾਕਾ ਸੁਣਾਈ ਦਿੱਤਾ ਜਿਸ ਉਪਰੰਤ ਦਰਵਾਜ਼ੇ ਅਤੇ ਖਿੜਕੀਆਂ ਕੰਬਣ ਲੱਗ ਪਏ ਅਤੇ ਖੇਤਾਂ ਵਿੱਚ ਧੂੰਆਂ ਹੀ ਧੂੰਆਂ ਦਿਖਾਈ। ਉਨ੍ਹਾਂ ਕਿਹਾ ਕਿ ਧਮਾਕਿਆਂ ਕਰਕੇ ਫਿਲਹਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਹ ਘਬਰਾਹਟ ਮਹਿਸੂਸ ਕਰ ਰਹੇ ਹਨ।
ਐੱਸਐੱਚਓ ਖਲਚੀਆਂ ਬਿਕਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਖਿੱਲਰੇ ਹੋਏ ਟੁਕੜੇ ਇਕੱਠੇ ਕਰਕੇ ਨਾਲ ਲੈ ਗਏ। ਉਨ੍ਹਾਂ ਇਸ ਸਬੰਧੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।