ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ‘ਚ ਅੱਧੀ ਰਾਤ ਨੂੰ ਮਿਜ਼ਾਈਲਨੁਮਾ ਚੀਜ਼ ਡਿੱਗੀ, ਜਿਸ ਨੇ ਖੇਤਾਂ ਵਿਚ ਤਬਾਹੀ ਮਚਾ ਦਿੱਤੀ। ਇਹ ਮਿਜ਼ਾਈਲਨੁਮਾ ਚੀਜ਼ ਡਿੱਗਣ ਨਾਲ ਵੱਡਾ ਧਮਾਕਾ ਹੋਇਆ ਤੇ ਉਥੇ ਪਈ ਤੂੜੀ ਨੂੰ ਅੱਗ ਲੱਗ ਗਈ। ਇਸ ਦੌਰਾਨ ਜ਼ਮੀਨ ’ਚ ਡੂੰਘਾ ਟੋਇਆ ਪੈ ਗਿਆ। ਉਂਝ ਹੋਰ ਕਿਸੇ ਤਰ੍ਹਾਂ ਦੇ ਜਾਨੀ, ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਸੂਚਨਾ ਮਿਲਦੇ ਹੀ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ਉਪਰ ਪੁੱਜੇ। ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਇਹ ਮਿਜ਼ਾਈਲਨੁਮਾ ਚੀਜ ਇੱਥੇ ਦਾਗੀ ਗਈ ਹੈ। ਇਸ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।
ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ ’ਚ ਇਕਦਮ ਰੌਸ਼ਨੀ ਹੋਈ। ਦੇਖਦੇ ਹੀ ਦੇਖਦੇ ਪਿੰਡ ਦੇ ਬਾਹਰ ਖੇਤਾਂ ’ਚ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਨਿਕਲ ਆਏ। ਉਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ ਪੰਜ ਫੁੱਟ ਤੱਕ ਡੂੰਘਾ ਟੋਆ ਪੁੱਟਿਆ ਗਿਆ।