ਲੁਧਿਆਣਾ- ਦੀਵਾਲੀ ਦੀ ਰਾਤ ਪਟਾਕਿਆਂ ਦੀ ਚੰਗਿਆੜੀ ਨਾਲ 3 ਗਰੀਬ ਲੋਕਾਂ ਦੇ ਆਸ਼ਿਆਨੇ ਸੜ ਕੇ ਸੁਆਹ ਹੋ ਗਏ। ਪਟਾਕਿਆਂ ਦੀ ਚੰਗਿਆੜੀ ਕਾਰਨ ਪਹਿਲਾਂ ਇਕ ਝੌਂਪੜੀ ਨੂੰ ਅੱਗ ਲੱਗ ਗਈ ਅਤੇ ਜਲਦੀ ਹੀ ਅੱਗ ਨੇ ਦੂਜੀਆਂ ਝੋਪੜੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਤਿੰਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਝੌਂਪੜੀਆਂ ਦੇ ਅੰਦਰ ਸੁੱਤੇ ਪਏ ਲੋਕਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਤਾਂ ਬਚਾ ਲਈ, ਪਰ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਭੜਕੇ ਲੋਕਾਂ ਨੇ ਅੱਜ ਗੁੱਸੇ ਵਿਚ ਆ ਕੇ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਤੇ ਕਾਰਵਾਈ ਦੀ ਮੰਗ ਕੀਤੀ।
ਲੁਧਿਆਣਾ ਦੇ ਜਮਾਲਪੁਰ ਰੋਡ ‘ਤੇ ਰਾਜੀਵ ਗਾਂਧੀ ਕਲੋਨੀ ਨੇੜੇ ਗਰੀਬ ਲੋਕਾਂ ਦੀਆਂ ਝੌਂਪੜੀਆਂ ਬਣੀਆਂ ਹੋਈਆਂ ਹਨ ਅਤੇ ਨੇੜੇ ਹੀ ਇਕ ਮੰਦਰ ਵੀ ਹੈ। ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੀ ਰਾਤ ਮੰਦਰ ਕਮੇਟੀ ਅਤੇ ਹੋਰ ਲੋਕ ਉਨ੍ਹਾਂ ਦੀਆਂ ਝੋਪੜੀਆਂ ਅੱਗੇ ਪਟਾਕੇ ਚਲਾ ਰਹੇ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ, ਪਰ ਉਹ ਨਹੀਂ ਮੰਨੇ ਅਤੇ ਪਟਾਕਿਆਂ ਦੀ ਚੰਗਿਆੜੀ ਉਨ੍ਹਾਂ ਦੀ ਝੌਂਪੜੀ ‘ਤੇ ਡਿੱਗ ਪਈ, ਜਿਸ ਕਾਰਨ 3 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਹੋਣ ਵਾਲਾ ਸੀ। ਉਸ ਨੇ ਆਪਣੀ ਧੀ ਦੇ ਦਾਜ ਲਈ ਬੜੀ ਮਿਹਨਤ ਨਾਲ ਇਕ-ਇਕ ਪੈਸਾ ਇਕੱਠਾ ਕੀਤਾ ਸੀ, ਪਰ ਅੱਗ ਨਾਲ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੈ। ਇਸ ਘਟਨਾ ਤੋਂ ਗੁੱਸੇ ‘ਚ ਆਏ ਲੋਕਾਂ ਨੇ ਸ਼ੁੱਕਰਵਾਰ ਨੂੰ ਜਮਾਲਪੁਰ ਰੋਡ ‘ਤੇ ਜਾਮ ਲਗਾ ਦਿੱਤਾ ਅਤੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਪੁੱਜੇ ਜਤਿੰਦਰ ਗੋਰੀਆ ਅਤੇ ਰਿਤੇਸ਼ ਜੈਸਵਾਲ ਨੇ ਕਿਹਾ ਕਿ ਇਸ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ ਹੈ। ਝੁੱਗੀ-ਝੌਂਪੜੀ ਵਾਲਿਆਂ ਨੂੰ ਜਾਣ-ਬੁੱਝ ਕੇ ਛੇੜਣ ਲਈ ਪਟਾਕੇ ਚਲਾਏ ਗਏ। ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੀ ਰਾਤ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਗਰੀਬ ਲੋਕਾਂ ਦਾ ਸਾਰਾ ਸਾਮਾਨ, ਕੱਪੜੇ ਅਤੇ ਦੋ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ ਅਤੇ ਉਹ ਸੜਕ ’ਤੇ ਆ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਮੌਕੇ ‘ਤੇ ਪੀੜਤਾਂ ਨਾਲ ਗੱਲਬਾਤ ਕੀਤੀ ਤੇ ਕਾਰਵਾਈ ਦਾ ਭਰੋਸਾ ਦੁਆ ਕੇ ਧਰਨਾ ਚੁਕਵਾਇਆ ਅਤੇ ਆਵਾਜਾਈ ਮੁੜ ਤੋਂ ਬਹਾਲ ਕਰਵਾਈ।