ਪੰਜਾਬ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ਦੇ ਮੁੱਖ ਸਰਹੱਦੀ ਖੇਤਰ ਸ਼ਾਮਲ ਹਨ, ਦੇ ਲੋਕਾਂ ਨੇ ਚਿੰਤਾ ਵਿਚ ਰਾਤ ਬਤੀਤ ਕੀਤੀ। ਅਧਿਕਾਰੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੌਰਾਨ ਪੂਰੀ ਤਰ੍ਹਾਂ ਬਲੈਕਆਊਟ ਲਾਗੂ ਕਰ ਦਿੱਤਾ ਸੀ। ਇਸ ਦੌਰਾਨ ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਵਿਚ ਵੀ ਬਲੈਕਆਊਟ ਲਾਗੂ ਕਰ ਦਿੱਤਾ ਗਿਆ ਸੀ।
ਅਧਿਕਾਰੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਅੱਧੀ ਰਾਤ ਤੱਕ ਲਗਭਗ ਦੋ ਘੰਟੇ ਲਈ ਬਿਜਲੀ ਕੱਟ ਦਿੱਤੀ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਭਾਰਤ ਨੇ ਵੀਰਵਾਰ ਰਾਤ ਨੂੰ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਦੇ 15 ਸ਼ਹਿਰਾਂ ਵਿਚ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਨਾਕਾਮ ਕਰ ਦਿੱਤਾ।
ਰੱਖਿਆ ਮੰਤਰਾਲੇ ਦੇ ਅਨੁਸਾਰ ਪਾਕਿਸਤਾਨੀ ਫੌਜ ਨੇ ਵੀਰਵਾਰ ਰਾਤ ਨੂੰ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਪਠਾਨਕੋਟ ਵਿਚ ਜਿੱਥੇ ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ, ਹਾਲਾਂਕਿ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ, ਸ਼ੁੱਕਰਵਾਰ ਸਵੇਰੇ ਸ਼ਾਂਤੀ ਛਾ ਗਈ। ਸਰਹੱਦੀ ਸ਼ਹਿਰ ਵਿਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਗਏ ਜਿੱਥੇ ਵੀਰਵਾਰ ਰਾਤ 8:30 ਵਜੇ ਦੇ ਕਰੀਬ ਬਲੈਕਆਊਟ ਲਾਗੂ ਕੀਤਾ ਗਿਆ ਸੀ। ਕੁਝ ਸਥਾਨਕ ਲੋਕਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਵੇਂ ਉਹ ਘਟਨਾਕ੍ਰਮ ਤੋਂ ਚਿੰਤਤ ਸਨ, ਪਰ ਉਹ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਕਿਉਂਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਨਾਕਾਮ ਕਰ ਰਹੀਆਂ ਸਨ।
ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਮੁੱਖ ਸਰਹੱਦੀ ਜ਼ਿਲ੍ਹਿਆਂ ਵਿਚ ਵੀ ਸ਼ੁੱਕਰਵਾਰ ਸਵੇਰੇ ਸ਼ਾਂਤੀ ਛਾ ਗਈ। ਵੀਰਵਾਰ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਲਾਈਟਾਂ ਬੰਦ ਕਰਨ ਅਤੇ ਘਰ ਰਹਿਣ ਦੀ ਅਪੀਲ ਕੀਤੀ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਬਲੈਕਆਊਟ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ। ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਜੋਂ ਰੂਪਨਗਰ, ਫਾਜ਼ਿਲਕਾ, ਕਪੂਰਥਲਾ, ਲੁਧਿਆਣਾ, ਸੰਗਰੂਰ, ਬਠਿੰਡਾ, ਪਟਿਆਲਾ ਅਤੇ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਬਲੈਕਆਊਟ ਲਾਗੂ ਕੀਤਾ ਗਿਆ ਸੀ।
ਪੰਜਾਬ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਅਗਲੇ ਤਿੰਨ ਦਿਨਾਂ ਲਈ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਚੰਡੀਗੜ੍ਹ ਵਿਚ ਵੀ ਅਧਿਕਾਰੀਆਂ ਨੇ ਸ਼ਨਿਚਰਵਾਰ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ।