ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਵਿਚਾਲੇ ਚੰਡੀਗੜ੍ਹ ਦੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਮੁਲਾਜ਼ਮ ਅਤੇ ਅਧਿਕਾਰੀ ਉਦੋਂ ਤੱਕ ਆਪਣੇ-ਆਪਣੇ ਮੁੱਖ ਦਫ਼ਤਰ ਵਿਖੇ ਮੌਜੂਦ ਰਹਿਣਗੇ, ਜਦੋਂ ਤੱਕ ਅਗਲੇ ਕੋਈ ਹੁਕਮ ਨਹੀਂ ਆ ਜਾਂਦੇ।
ਹੁਕਮਾਂ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਹੈੱਡ ਕੁਆਰਟਰ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਹਿਲਾਂ ਤੋਂ ਮਨਜ਼ੂਰ ਛੁੱਟੀਆਂ ਨੂੰ ਵੀ ਰੱਦ ਮੰਨਿਆ ਜਾਵੇਗਾ ਅਤੇ ਕਿਸੇ ਐਮਰਜੈਂਸੀ ਹਾਲਾਤ ‘ਚ ਹੀ ਛੁੱਟੀ ਮਿਲੇ ਸਕੇਗੀ। ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅੱਜ ਸਵੇਰੇ ਚੰਡੀਗੜ੍ਹ ‘ਚ ਏਅਰਫੋਰਸ ਸਟੇਸ਼ਨ ‘ਤੇ ਡਰੋਨ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਸਾਇਰਨ ਵੱਜਦਾ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਿਵੇਂ ਹੀ ਸਾਇਰਨ ਵੱਜਦਾ ਹੈ ਤਾਂ ਲੋਕ ਆਪੋ-ਆਪਣੇ ਘਰਾਂ ਅੰਦਰ ਵੜ ਜਾਣ ਅਤੇ ਸੜਕਾਂ ਅਤੇ ਪਾਰਕਾਂ ‘ਚ ਨਾ ਰੁਕਣ।