ਬਠਿੰਡਾ ਵਿੱਚ ਬੀਤੀ ਰਾਤ ਪਾਕਿਸਤਾਨੀ ਫੌਜ ਵੱਲੋਂ ਮਿਜ਼ਾਈਲ ਹਮਲੇ ਕੀਤੇ ਗਏ, ਜਿਸ ਨੂੰ ਭਾਰਤੀ ਹਵਾਈ ਫੌਜ ਦੀ ਡਿਫੈਂਸ ਟੀਮ ਨੇ ਆਸਮਾਨ ਵਿਚ ਹੀ ਰੋਕ ਕੇ ਬੇਅਸਰ ਕਰ ਦਿੱਤਾ। ਫੁੰਡੀ ਗਈ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਅੱਜ ਸਵੇਰੇ ਬਠਿੰਡਾ ਦੀ ਬਸਤੀ ਬੀੜ ਤਲਾਬ ਵਿਚੋਂ ਮਿਲੇ ਹਨ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ।
ਇਸ ਤੋਂ ਪਹਿਲਾਂ ਬਠਿੰਡਾ ਵਿੱਚ ਦੇਰ ਰਾਤ ਧਮਾਕਿਆਂ ਦੀ ਆਵਾਜ਼ ਸੁਣਦਿਆਂ ਹੀ ਲੋਕ ਕੰਬ ਉੱਠੇ। ਇਸ ਮਗਰੋਂ ਪੂਰੇ ਬਠਿੰਡਾ ਵਿਚ ਮੁਕੰਮਲ ਬਲੈਕਆਊਟ ਕਰ ਦਿੱਤਾ ਗਿਆ। ਧਮਾਕੇ ਦੀ ਆਵਾਜ਼ ਕਰੀਬ 10.30 ਅਤੇ ਪੌਣੇ 11 ਵਜੇ ਸੁਣਾਈ ਦਿੱਤੀ ਤੇ ਅਸਮਾਨ ਵਿੱਚ ਉਡਦੀਆਂ ਮਿਜ਼ਾਈਲਾਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਦੌਰਾਨ ਬਠਿੰਡਾ ਵਿਚ ਵੀ ਅੱਜ ਸਵੇਰੇ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ ਹੈ।
ਬਠਿੰਡਾ ਦੀ ਲਾਲ ਸਿੰਘ ਬਸਤੀ ਅਤੇ ਬੀੜ ਤਲਾਬ ਬਸਤੀ ਨੇੜੇ ਬੰਬਨੁਮਾ ਕੋਈ ਚੀਜ਼ ਦੇਖੀ ਗਈ ਜਿਸ ਦੀ ਮਗਰੋਂ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪਾਕਿਸਤਾਨ ਨੇ ਬਠਿੰਡਾ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇਹ ਸ਼ਹਿਰ ਏਸ਼ੀਆ ਦੀ ਵੱਡੀ ਛਾਉਣੀ ਅਤੇ ਏਅਰਬੇਸ ਹੈ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਿਪਟੀ ਡਿਊਟੀ ਮਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਜੰਗ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਘਰਾਂ ਵਿੱਚ ਹੀ ਟਿਕੇ ਰਹਿਣ ਦੀ ਹਦਾਇਤ ਕੀਤੀ। ਹੰਗਾਮੀ ਹਾਲਾਤ ਲਈ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ਜਾਰੀ ਕੀਤੇ ਗਏ ਹਨ। ਅਫ਼ਵਾਹਾਂ ਤੋਂ ਬਚਣ ਤੇ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਸੁਨੇਹਿਆਂ ’ਤੇ ਹੀ ਯਕੀਨ ਕਰਨ ਦੀ ਅਪੀਲ ਕੀਤੀ ਗਈ ਹੈ।