ਭਾਰਤ ਪਾਕਿ ਦਰਮਿਆਨ ਤਣਾਅ ਦੌਰਾਨ ਹੋ ਰਹੇ ਡਰੋਨ ਹਮਲਿਆਂ ਦੌਰਾਨ ਬੀਤੇ ਕੱਲ੍ਹ ਕਸਬਾ ਕਮਾਹੀ ਦੇਵੀ ਦੇ ਪਿੰਡ ਬਹਿਅੱਤਾ ਦੇ ਖੇਤਾਂ ਵਿਚ ਮਿਲੇ ਕਥਿਤ ਮਿਜਾਈਲ ਦੇ ਹਿੱਸਿਆਂ ਨੂੰ ਨਾਕਾਰਾ ਕਰਨ ਲਈ ਪਠਾਨਕੋਟ ਏਅਰਫੋਰਸ ਸਟੇਸ਼ਨ ਤੋਂ ਇਕ ਟੀਮ ਪੁੱਜੀ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੂੰ ਸਬੰਧਿਤ ਸਥਾਨ ਤੋਂ ਹਟਾ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਖੇਤਾਂ ਵਿਚ ਡਿੱਗੇ ਮਿਜਾਈਲ ਦੇ ਕੁਝ ਹਿੱਸਿਆ ਨੂੰ ਪਠਾਨਕੋਟ ਤੋਂ ਪੁੱਜੀ ਵਿੰਗ ਕਮਾਂਡਰ ਸਚਿਨ ਸੇਖਾਵਤ ਦੀ ਅਗਵਾਈ ਵਾਲੀ ਟੀਮ ਨੇ ਖੇਤਾਂ ਵਿੱਚ ਹੀ ਸੁਰੱਖਿਅਤ ਕਰਵਾ ਦਿਤਾ ਸੀ ਅਤੇ ਅੱਜ ਇਸ ਮਲਬੇ ਨੂੰ ਨਕਾਰਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਅੱਜ ਸਵੇਰੇ ਜਦੋਂ ਦਸੂਹਾ ਦੇ ਇਕ ਪਿੰਡ ਦਾ ਕਿਸਾਨ ਸਤਨਾਮ ਸਿੰਘ ਆਪਣੇ ਖੇਤਾਂ ਵੱਲ ਗਿਆ ਤਾਂ ਉਸ ਨੇ ਜੰਗੀ ਹਥਿਆਰਾਂ ਦੇ ਦੋ ਖੋਲ੍ਹਨੁਮਾ ਟੁਕੜੇ ਦੇਖੇ, ਜਿਸ ਉਪਰੰਤ ਦਸੂਹਾ ਪੁਲੀਸ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਸਬੰਧਤ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।