ਬਟਾਲਾ, 15 ਜੁਲਾਈ (ਦਲਜੀਤ ਸਿੰਘ)- ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸਾਬੀ ਫੌਜੀ ਨਾਮ ਦੇ ਇਕ ਵਿਅਕਤੀ ਦਾ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਹੋਏ ਹਮਲੇ ਤੋਂ ਬਾਅਦ ਸਾਬ੍ਹੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਸਾਬ੍ਹੀ ਨੇ ਕਰੀਬ ਡੇਢ ਸਾਲ ਪਹਿਲਾ ਹੀ ਫੌਜ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ। ਉਹ ਆਪਣੇ ਪਿੱਛੇ 2 ਬੱਚੇ, ਪਤਨੀ, ਮਾਤਾ-ਪਿਤਾ ਤੋਂ ਇਲਾਵਾ ਇਕ ਛੋਟਾ ਭਰਾ ਅਤੇ ਛੋਟੀ ਭੈਣ ਛੱਡ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਡੇਰਾ ਬਾਬਾ ਨਾਨਕ ਦੇ ਡੀ.ਐੱਸ.ਪੀ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰਮਜੀਤ ਸਿੰਘ ਫੌਜੀ ’ਤੇ ਅਣਪਛਾਤੇ ਲੋਕਾਂ ਵਲੋਂ ਹਮਲਾ ਕਰਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਅੰਮ੍ਰਿਤਸਰ ਇਲਾਜ ਲਈ ਲੈ ਕੇ ਜਾਂਦੇ ਸਮੇਂ ਉਕਤ ਨੌਜਵਾਨ ਦੀ ਮੌਤ ਹੋ ਗਈ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਤਫਤੀਸ਼ ਗੰਭੀਰਤਾ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਕਾਰੀਆਂ ਮੁਤਾਬਕ ਮਿਲੇ ਬਿਆਨਾਂ ’ਚ ਇਸ ਕਤਲ ਦਾ ਮੁੱਖ ਕਾਰਨ ਇਕ ਪਲਾਟ ਦਾ ਆਪਸੀ ਦੋ ਧਿਰਾਂ ’ਚ ਚੱਲ ਰਿਹਾ ਪੁਰਾਣਾ ਝਗੜਾ ਦੱਸਿਆ ਜਾ ਰਿਹਾ ਹੈ।