ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਏ ਨਵੇਂ ਹੁਕਮ

ਫਰੀਦਕੋਟ : ਡਾ. ਪ੍ਰਗਿਆ ਜੈਨ ਐੱਸ. ਐੱਸ. ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਲਈ ਸਖ਼ਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਸੜਕਾਂ ’ਤੇ ਹਾਦਸਿਆਂ ਦੀ ਰੋਕਥਾਮ ਕਰਨਾ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਟ੍ਰੈਫਿਕ ਪੁਲਸ ਫਰੀਦਕੋਟ ਵੱਲੋਂ ਸ਼ਹਿਰ ਦੇ ਮੁੱਖ ਮਾਰਗਾਂ, ਬਾਜ਼ਾਰਾਂ, ਜਨਤਕ ਸਥਾਨਾਂ ਉੱਪਰ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਫਰੀਦਕੋਟ ਪੁਲਸ ਵੱਲੋਂ ਸਾਲ-2025 ਦੌਰਾਨ 7247 ਚਲਾਨ ਜਾਰੀ ਕਰ ਕੇ ਜੁਰਮਾਨੇ ਦੇ ਰੂਪ ’ਚ 33 ਲੱਖ 60 ਹਜ਼ਾਰ 900 ਰੁਪਏ ਵਸੂਲ ਕੀਤੇ ਗਏ ਹਨ।

ਆਮ ਤੌਰ ’ਤੇ ਦੇਖਣ ’ਚ ਆਉਂਦਾ ਹੈ ਕਿ ਬਾਜ਼ਾਰਾਂ ’ਚ ਗਲਤ ਪਾਰਕਿੰਗ ਸੜਕਾਂ ’ਤੇ ਜਾਮ ਲਾਉਣ ਦਾ ਮੁੱਖ ਕਾਰਨ ਹੈ, ਜਿਸ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਸੜਕਾਂ ’ਤੇ ਆਵਾਜਾਈ ਸੁਚਾਰੂ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਫਰੀਦਕੋਟ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕਰਦੇ ਹੋਏ ਗਲਤ ਪਾਰਕਿੰਗ, ਓਵਰਲੋਡਿੰਗ, ਬਿਨਾਂ ਹੈਲਮਟ, ਸੀਟ ਬੈਲਟ ਨਾ ਲਾਉਣਾ, ਓਵਰਸਪੀਡਿੰਗ, ਕਾਰਾਂ ਦੀਆਂ ਖਿੜਕੀਆਂ ’ਤੇ ਅਣ-ਅਧਿਕਾਰਤ ਕਾਲੀਆਂ ਫਿਲਮਾਂ ਅਤੇ ਕਾਲੀ ਜਾਲੀਆਂ ਦੇ ਚਲਾਨ ਜਾਰੀ ਕੀਤੇ ਗਏ ਹਨ।

ਡਾ. ਪ੍ਰਗਿਆ ਜੈਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਮਕਸਦ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਹੈ ਤਾਂ ਜੋ ਗਲਤ ਪਾਰਕਿੰਗ, ਓਵਰਲੋਡਿੰਗ, ਖ਼ਤਰਨਾਕ ਡਰਾਈਵਿੰਗ, ਨਸ਼ਾ ਕਰ ਕੇ ਡਰਾਈਵਿੰਗ ਅਤੇ ਹੋਰ ਟ੍ਰੈਫਿਕ ਉਲੰਘਣਾਵਾਂ ਨੂੰ ਰੋਕਿਆ ਜਾ ਸਕੇ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਟ੍ਰੈਫਿਕ ਪੁਲਸ ਦੀਆਂ ਟੀਮਾਂ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ’ਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਵੀ ਲਾਏ ਜਾ ਰਹੇ ਹਨ । ਐੱਸ. ਐੱਸ. ਪੀ. ਫਰੀਦਕੋਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਨੂੰ ਪਾਰਕਿੰਗ ਕਰਨ ਲਈ ਨਿਰਧਾਰਿਤ ਸਥਾਨਾਂ ਦੀ ਵਰਤੋਂ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਜ਼ਿੰਮੇਵਾਰ ਨਾਗਰਿਕ ਬਣ ਕੇ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨ।

Leave a Reply

Your email address will not be published. Required fields are marked *