ਅਮਰੀਕਾ ਨੇ ਪ੍ਰਵਾਸੀਆਂ ਲਈ ਮੁੜ ਖੋਲ੍ਹੇ ਦਰਵਾਜ਼ੇ

ਵਾਸ਼ਿੰਗਟਨ: ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁੜ ਖੁੱਲ੍ਹਣ ਜਾ ਰਹੇ ਹਨ ਪਰ ਇਸ ਵਾਰ 3500 ਡਾਲਰ ਤੱਕ ਦੀ ਫੀਸ ਅਦਾ ਕਰਨੀ ਹੋਵੇਗੀ ਅਤੇ ਇਮੀਗ੍ਰੇਸ਼ਨ ਵਾਲੇ ਫੜ-ਫੜ ਕੇ ਡਿਪੋਰਟ ਵੀ ਨਹੀਂ ਕਰਨਗੇ। ਜੀ ਹਾਂ ਟਰੰਪ ਸਰਕਾਰ ਇਮੀਗ੍ਰੇਸ਼ਨ ਤੋਂ ਵੀ ਅਰਬਾਂ ਡਾਲਰ ਕਮਾਉਣਾ ਚਾਹੁੰਦੀ ਹੈ ਅਤੇ ਜਲਦ ਹੀ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਨਵੇਂ ਨਿਯਮ ਸਿਰਫ਼ ਨਵੇਂ ਪ੍ਰਵਾਸੀਆਂ ਲਈ ਹੋਣਗੇ ਅਤੇ ਪਹਿਲਾਂ ਤੋਂ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਅਸਲ ਵਿਚ ਟਰੰਪ ਸਰਕਾਰ ਪ੍ਰਵਾਸੀਆਂ ਲਈ ਅਮਰੀਕਾ ਵਿਚ ਸ਼ਰਨ ਲੈਣਾ ਕਾਫ਼ੀ ਮਹਿੰਗਾ ਬਣਾਉਣਾ ਚਾਹੁੰਦੀ ਹੈ ਇਸ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ।

ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਨਿਆਂਇਕ ਕਮੇਟੀ ਵੱਲੋਂ ਇਮੀਗ੍ਰੇਸ਼ਨ ਸੁਧਾਰਾਂ ਵਾਲਾ ਬਿੱਲ ਅੱਗੇ ਵਧਾ ਦਿੱਤਾ ਗਿਆ ਹੈ ਜਿਸ ਤਹਿਤ ਪਹਿਲੀ ਵਾਰ ਪਨਾਹ ਦਾ ਦਾਅਵਾ ਕਰਨ ਵਾਲਿਆਂ ਤੋਂ ਘੱਟੋ ਘੱਟ ਇਕ ਹਜ਼ਾਰ ਡਾਲਰ ਫੀਸ ਵਸੂਲ ਕੀਤੀ ਜਾਵੇਗੀ ਜਦਕਿ ਬਗੈਰ ਦਸਤਾਵੇਜ਼ਾਂ ਵਾਲੇ ਬੱਚਿਆਂ ਨੂੰ ਸਪੌਂਸਰ ਕਰਨ ਵਾਲੇ ਅਮਰੀਕਾ ਵਾਸੀਆਂ ਨੂੰ 3500 ਡਾਲਰ ਦੇਣੇ ਪੈਣਗੇ। ਇਸੇ ਤਰ੍ਹਾਂ ਹਕ ਛੇ ਮਹੀਨਿਆਂ ਵਿਚ ਕੰਮ ਕਰਨ ਦੀ ਇਜਾਜ਼ਤ ਮੰਗਣ ਵਾਲਿਆਂ ਨੂੰ 550 ਡਾਲਰ ਫੀਸ ਵੱਖਰੇ ਤੌਰ ’ਤੇ ਦੇਣੀ ਹੋਵੇਗੀ।

ਪ੍ਰਵਾਸੀ ਨੂੰ ਮਿਲ ਸਕਦਾ ਸੈਲਫ ਡਿਪੋਰਟ ਹੋਣ ਦਾ ਹੁਕਮ
ਇਮੀਗ੍ਰੇਸ਼ਨ ਅਦਾਲਤ ਨੇ ਪਨਾਹ ਦਾ ਦਾਅਵਾ ਰੱਦ ਕਰ ਦਿਤਾ ਤਾਂ ਸਬੰਧਤ ਪ੍ਰਵਾਸੀ ਨੂੰ ਸੈਲਫ਼ ਡਿਪੋਰਟ ਹੋਣ ਦੇ ਹੁਕਮ ਦਿੱਤੇ ਜਾਣਗੇ। ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਜਿੰਨੇ ਪ੍ਰਵਾਸੀ ਅਮਰੀਕਾ ਤੋਂ ਡਿਪੋਰਟ ਕੀਤੇ ਜਾਣਗੇ, ਉਸ ਅੰਕੜੇ ਤੋਂ ਤਕਰੀਬਨ ਅੱਧਿਆਂ ਨੂੰ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ। ਦੂਜੇ ਪਾਸੇ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਪੂਰਾ ਕਰਨ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਡਿਟੈਨਸ਼ਨਾਂ ਸੈਂਟਰਾਂ ਦੀ ਸਮਰੱਥਾ ਤਿੰਨ ਗੁਣਾ ਵਧਾਈ ਜਾ ਰਹੀ ਹੈ ਜਿਸ ਰਾਹੀਂ ਇਕ ਲੱਖ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖਿਆ ਜਾ ਸਕੇਗਾ।

ਮੈਕਸੀਕੋ ਦੇ ਬਾਰਡਰ ’ਤੇ 700 ਮੀਲ ਇਲਾਕੇ ਵਿਚ ਨਵੀਂ ਕੰਧ ਉਸਾਰਨ ਲਈ 45 ਅਰਬ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ। ਰਿਪਬਲਿਕਨ ਪਾਰਟੀ ਵਾਲੇ ਇਸ ਬਿਲ ਨੂੰ ਸ਼ਾਨਦਾਰ ਦੱਸ ਰਹੇ ਹਨ ਜਦਕਿ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰਾਂ ਵੱਲੋਂ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ। ਮੈਰੀਲੈਂਡ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਜੇਮੀ ਰਾਸਕਿਨ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਵੀਜ਼ੇ ਰੱਦ ਕਰਨ ਅਤੇ ਬਰਥਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਦੇ ਯਤਨਾਂ ਦਾ ਮੁੱਦਾ ਉਠਾਇਆ ਗਿਆ। ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਵੱਲੋਂ ਯੂ.ਐਸ. ਸਿਟੀਜ਼ਨਜ਼ ਦੀ ਡਿਪੋਰਟੇਸ਼ਨ ਰੋਕਣ ਲਈ ਲਿਆਂਦਾ ਮਤਾ ਸਿੱਧੇ ਤੌਰ ’ਤੇ ਰੱਦ ਹੋ ਗਿਆ।

ਹੋਵੇਗੀ ਇੰਨੀ ਕਮਾਈ
ਹਾਊਸ ਜੁਡੀਸ਼ਰੀ ਦੇ ਚੇਅਰਮੈਨ ਪ੍ਰਤੀਨਿਧੀ ਜਿਮ ਜੌਰਡਨ, ਆਰ-ਓਹੀਓ ਨੇ 30 ਅਪ੍ਰੈਲ ਨੂੰ ਇੱਕ ਕਮੇਟੀ ਦੀ ਸੁਣਵਾਈ ਵਿੱਚ ਕਿਹਾ ਕਿ ਨਵੀਂ ਫੀਸ 77 ਬਿਲੀਅਨ ਡਾਲਰ ਇਕੱਠੇ ਕਰ ਸਕਦੀ ਹੈ, ਜਿਸ ਨਾਲ ਕਾਂਗਰਸ “ਵਿੱਤੀ ਤੌਰ ‘ਤੇ ਜ਼ਿੰਮੇਵਾਰ ਤਰੀਕੇ ਨਾਲ ਇਮੀਗ੍ਰੇਸ਼ਨ ਲਾਗੂ ਕਰਨ ਵਿੱਚ ਜ਼ਰੂਰੀ ਨਿਵੇਸ਼” ਕਰ ਸਕਦੀ ਹੈ। ਜਾਰਡਨ ਨੇ ਕਿਹਾ ਕਿ ਸ਼ਰਣ ਅਰਜ਼ੀਆਂ ਲਈ 1,000 ਡਾਲਰ ਦੀ ਫੀਸ ਅਗਲੇ 10 ਸਾਲਾਂ ਵਿੱਚ 748 ਮਿਲੀਅਨ ਡਾਲਰ ਇਕੱਠੀ ਕਰੇਗੀ। ਅਸਥਾਈ ਸੁਰੱਖਿਅਤ ਸਥਿਤੀ ਅਧੀਨ ਪ੍ਰਵਾਸੀਆਂ ਲਈ 550 ਡਾਲਰ ਦੀ ਫੀਸ ਅਤੇ TPS ਪ੍ਰਵਾਸੀਆਂ ਲਈ ਆਪਣੇ ਰੁਜ਼ਗਾਰ ਅਧਿਕਾਰ ਨੂੰ ਨਵਿਆਉਣ ਲਈ 550 ਡਾਲਰ ਦੀ ਫੀਸ ਅਗਲੇ 10 ਸਾਲਾਂ ਵਿੱਚ ਕ੍ਰਮਵਾਰ 2 ਬਿਲੀਅਨ ਡਾਲਰ ਅਤੇ 4.7 ਬਿਲੀਅਨ ਡਾਲਰ ਇਕੱਠੇ ਕਰੇਗੀ।

Leave a Reply

Your email address will not be published. Required fields are marked *