ਗੁਰੂਗ੍ਰਾਮ- ਗੁਰੂਗ੍ਰਾਮ ਵਿਚ ਸ਼ੁੱਕਰਵਾਰ ਸਵੇਰੇ ਮੀਂਹ ਅਤੇ ਹਨ੍ਹੇਰੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਅਤੇ ਆਵਾਜਾਈ ਠੱਪ ਹੋ ਗਈ। ਸ਼ਹਿਰ ‘ਚ ਮੋਹਲੇਧਾਰ ਮੀਂਹ ਕਾਰਨ ਦਫ਼ਤਰ ਜਾਣ ਵਾਲੇ ਅਤੇ ਹੋਰ ਯਾਤਰੀ ਪਾਣੀ ਵਿਚ ਡੁੱਬੀਆਂ ਸੜਕਾਂ ‘ਤੇ ਫਸ ਗਏ। ਕੁਝ ਖੇਤਰਾਂ ਨੂੰ ਛੱਡ ਕੇ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਵਿੱਚ ਡੁੱਬ ਗਏ।
ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ‘ਤੇ ਨਰਸਿੰਘਪੁਰ ਨੇੜੇ ਇਕ ਸਰਵਿਸ ਲੇਨ, ਬਸਾਈ ਰੋਡ, ਸੈਕਟਰ 10, ਝਾੜਸਾ ਚੌਕ, ਸੈਕਟਰ-4, ਸੈਕਟਰ 7, ਸੈਕਟਰ 9, ਸੈਕਟਰ 10, ਸੈਕਟਰ 48, ਸੈਕਟਰ 57, ਹਨੂੰਮਾਨ ਚੌਕ, ਧਨਕੋਟ, ਫਾਜ਼ਿਲਪੁਰ ਚੌਕ, ਵਾਟਿਕਾ ਚੌਕ, ਸੁਭਾਸ਼ ਚੌਕ, ਬਘਟਾਵਰ ਚੌਕ, ਜੋਕੋਬਪੁਰਾ, ਸਦਰ ਬਾਜ਼ਾਰ, ਮਹਾਂਵੀਰ ਚੌਕ ਅਤੇ ਡੁੰਡਾਹੇੜਾ ਆਦਿ ਸ਼ਾਮਲ ਹਨ।
ਪੁਲਸ ਠੱਪ ਪਈ ਆਵਾਜਾਈ ਨੂੰ ਸੁਚਾਰੂ ਬਣਾਉਣ ‘ਚ ਜੁੱਟੀ ਹੋਈ ਹੈ, ਉੱਥੇ ਹੀ ਨਗਰ ਨਿਗਮ ਦੇ ਅਧਿਕਾਰੀ ਪਾਣੀ ਭਰਨ ਅਤੇ ਬੰਦ ਨਾਲੀਆਂ ਨਾਲ ਨਜਿੱਠਣ ਵਿਚ ਰੁੱਝੇ ਰਹੇ। ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ‘ਤੇ ਵੀ ਆਵਾਜਾਈ ਹੌਲੀ ਰਹੀ, ਜਦੋਂ ਕਿ ਹੀਰੋ ਹੌਂਡਾ ਚੌਕ, ਰਾਜੀਵ ਚੌਕ ਅਤੇ ਇਫਕੋ ਚੌਕ ‘ਤੇ ਆਵਾਜਾਈ ਠੱਪ ਰਹੀ।