ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਆਈਸੀਯੂ ਵਾਰਡ ’ਚ ਦਾਖਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਦੂਜੇ ਦਿਨ ਵੀ ਇਲਾਜ ਜਾਰੀ ਰਿਹਾ। ਇਸ ਦੌਰਾਨ ਡਾਕਟਰਾਂ ਵੱਲੋਂ ਕਿਸਾਨ ਆਗੂ ਦੇ ਕੁਝ ਹੋਰ ਟੈਸਟ ਵੀ ਕੀਤੇ ਗਏ। ਇਸ ਦੌਰਾਨ ਹੋਰਨਾਂ ਕਿਸਾਨਾਂ ਨੇ ਵੀ ਬਲਬੇਦ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਸਿਰਸਾ ਨੇ ਇਕ ਵੀਡਿਓ ਜਾਰੀ ਕਰਦਿਆ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੁਝ ਹੰਦਾ ਹੈ ਤਾਂ ਉਸਦੀ ਮ੍ਰਿਤਕ ਦੇਹ ਨੂੰ ਖਨੋਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਰੱਖਿਆ ਜਾਵੇ ਅਤੇ ਓਦੋਂ ਤਕ ਸਾੜਿਆ ਨਾ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨੀ ਮੰਗਾਂ ਮੰਨ ਨਾ ਲਵੇ। ਉਨ੍ਹਾਂ ਕਿਹਾ ਕਿ ਉਹ ਆਪਣੀ ਉਮਰ ਕਿਸਾਨੀ ਦੇ ਲੇਖੇ ਲਾਉਣੇ ਚਾਹੁੰਦੇ ਹਨ। \
ਇਸ ਉਪਰੰਤ ਮੁਲਾਕਾਤ ਕਰਕੇ ਆਏ ਕਿਸਾਨਾਂ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਹੁਣ ਠੀਕ ਹਨ ਤੇ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ। ਵੀਰਵਾਰ ਨੂੰ ਦੁਪਹਿਰ ਵੇਲੇ ਸ਼ੋਸਲ ਮੀਡੀਆਂ ’ਤੇ ਬਲਦੇਵ ਸਿੰਘ ਸਿਰਸਾ ਦੇ ਦੇਹਾਂਤ ਦੀ ਅਫਵਾਹ ਵੀ ਉੱਡੀ ਪਰ ਕੁਝ ਸਮੇਂ ਬਾਅਦ ਕਿਸਾਨ ਆਗੂਆਂ ਨੇ ਵੀਡੀਓ ਜਾਰੀ ਕਰਦਿਆ ਇਨ੍ਹਾਂ ਅਫਵਾਹਾਂ ਨੂੰ ਨਕਾਰਦਿਆਂ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਬਿਲਕੁਲ ਠੀਕ ਹਨ ਤੇ ਰਾਜਿੰਦਰਾ ਹਸਪਤਾਲ ’ਚ ਜੇਰੇ ਇਲਾਜ ਹਨ।