ਸੋਨੀਆ ਮਾਨ ਨੇ ਫਿਲਹਾਲ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਪੈਰ ਪਿੱਛੇ ਖਿੱਚੇ

sonia-maan/nawanpunjab.com

ਜਲੰਧ, 12 ਨਵੰਬਰ (ਦਲਜੀਤ ਸਿੰਘ)- ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਦੇ ਅਕਾਲੀ ਦਲ ‘ਚ ਅੱਜ ਸ਼ਾਮਲ ਹੋਣ ਦਾ ਪ੍ਰੋਗਰਾਮ ਇਕ ਵਾਰ ਅੱਗੇ ਪੈ ਗਿਆ ਹੈ। ਸੋਨੀਆ ਮਾਨ ਨੂੰ ਅੱਜ ਅਕਾਲੀ ਦਲ ‘ਚ ਸ਼ਾਮਲ ਕਰਨ ਸਬੰਧੀ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ 28 ਚੰਡੀਗੜ੍ਹ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ। ਸੋਨੀਆ ਮਾਨ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼ਾਮਲ ਕਰਾਉਣਾ ਸੀ। ਇਸ ਸਬੰਧੀ ਸੋਨੀਆ ਮਾਨ ਨਾਲ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਪੀ. ਏ. ਮਨੀ ਨੇ ਫੋਨ ‘ਤੇ ਦੱਸਿਆ ਕਿ ਉਹ ਅਕਾਲੀ ਦਲ ‘ਚ ਸ਼ਾਮਲ ਨਹੀਂ ਹੋ ਰਹੇ। ਅਕਾਲੀ ਦਲ ਵੱਲੋਂ ਪਾਰਟੀ ‘ਚ ਸ਼ਾਮਲ ਕਰਨ ਸਬੰਧੀ ਰੱਖੇ ਪ੍ਰੋਗਰਾਮ ‘ਤੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਰੱਖਿਆ ਗਿਆ ਸੀ, ਸੋਨੀਆ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਤੋਂ ਲੋਕਾਂ ਦੇ ਬਹੁਤ ਫੋਨ ਆ ਰਹੇ ਹਨ, ਅਸੀਂ ਸਭ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਅਕਾਲੀ ਦਲ ‘ਚ ਸ਼ਾਮਲ ਨਹੀਂ ਹੋ ਰਹੀ। ਸੋਨੀਆ ਮਾਨ ਨਾਲ ਗੱਲ ਕਰਾਉਣ ਲਈ ਕਹਿਣ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਾਲੇ ਬਿਜੀ ਹਨ। ਦੂਜੇ ਪਾਸੇ ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਮਾਨ ਦਾ ਅੱਜ ਸ਼ਾਮਲ ਹੋਣ ਦਾ ਪੱਕਾ ਪ੍ਰੋਗਰਾਮ ਸੀ ਪਰ ਸ਼ੋਸ਼ਲ ਮੀਡੀਆ ‘ਤੇ ਉਸ ਵਿਰੁੱਧ ਪਈਆਂ ਪੋਸਟਾਂ ਕਾਰਨ ਉਹ ਕੁੱਝ ਝਿਜਕ ਮਹਿਸੂਸ ਕਰ ਰਹੀ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਸੋਨੀਆ ਮਾਨ ਅੱਜ ਸਵੇਰੇ ਵੀ ਸੁਖਬੀਰ ਬਾਦਲ ਨੂੰ ਮਿਲ ਕੇ ਗਈ ਸੀ ਅਤੇ ਹੁਣ ਵੀ ਉਹ ਉਨ੍ਹਾਂ ਦੇ ਸੰਪਰਕ ‘ਚ ਹੈ।

ਉੱਧਰ ਸੋਨੀਆ ਮਾਨ ਦੇ ਹਮਾਇਤੀ ਚੌਟਾਲਾ ਪਰਿਵਾਰ ਬਾਰੇ ਖ਼ਬਰ ਹੈ ਕਿ ਉਹ ਸੋਨੀਆ ਮਾਨ ਦਾ ਸਾਰਾ ਚੋਣ ਖ਼ਰਚਾ ਆਪ ਚੁੱਕਣਗੇ। ਦੂਜੇ ਪਾਸੇ ਅਕਾਲੀ ਆਗੂਆ ਨੇ ਕਿਹਾ ਕਿ ਫਿਲਹਾਲ ਇਹ ਪ੍ਰੋਗਰਾਮ ਅੱਗੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅੱਜ ਗੁਰਮੀਤ ਸਿੰਘ ਬਾਕਰਪੁਰ ਦੇ ਘਰ ਪਹੁੰਚੇ ਸਨ। ਸੁਖਬੀਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਬਸਪਾ ਆਗੂ ਗੁਰਮੀਤ ਸਿੰਘ ਬਾਕਰਪੁਰ ਦੀ ਹਾਜ਼ਰੀ ‘ਚ ਸ਼ਾਮਲ ਕੀਤਾ ਜਾਵੇ।
ਦੱਸਣਯੋਗ ਹੈ ਕਿ ਮੋਹਾਲੀ ਵਿਧਾਨ ਸਭਾ ਸੀਟ ਸਮਝੌਤੇ ਤਹਿਤ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਛੱਡੀ ਹੋਈ ਹੈ। ਗੁਰਮੀਤ ਬਾਕਰਪੁਰ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਤੋਂ ਬਸਪਾ ‘ਚ ਸ਼ਾਮਲ ਹੋਏ ਸਨ ਅਤੇ ਬਸਪਾ ਵੱਲੋਂ ਉਨ੍ਹਾਂ ਨੂੰ ਮੋਹਾਲੀ ਹਲਕਾ ਇੰਚਾਰਜ ਲਗਾਇਆ ਗਿਆ ਸੀ। ਇਹ ਵੀ ਦੱਸ ਦਈਏ ਕਿ ਸੋਨੀਆ ਮਾਨ ‘ਕਿਸਾਨ ਅੰਦੋਲਨ’ ‘ਚ ਕਾਫ਼ੀ ਸਰਗਰਮ ਹੈ। ਕੱਲ੍ਹ ਜਦੋਂ ਇਸ ਸਬੰਧੀ ਖ਼ਬਰ ਆਈ ਕਿ ਸੋਨੀਆ ਮਾਨ ਅਕਾਲੀ ਦਲ ‘ਚ ਸ਼ਾਮਲ ਹੋ ਕੇ ਮੋਹਾਲੀ ਤੋਂ ਉਮੀਦਵਾਰ ਬਣ ਰਹੀ ਹੈ ਤਾਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ। ਲੋਕਾਂ ਵੱਲੋਂ ਸੋਨੀਆ ਮਾਨ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੋਨੀਆ ਮਾਨ ਆਪਣੇ ਪਿਤਾ ਬਲਦੇਵ ਮਾਨ ਦੀ ਵਿਚਾਰਧਾਰਾ ਤੋਂ ਉਲਟ ਜਾ ਰਹੀ ਹੈ।

Leave a Reply

Your email address will not be published. Required fields are marked *