ਨੈਸ਼ਨਲ ਡੈਸਕ- 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦਿਨ ਸੀ, ਜਿਸ ਨੂੰ ਕੋਈ ਵੀ ਭੁਲਾ ਨਹੀਂ ਸਕਦਾ। ਇਸ ਦਿਨ ਜੰਮੂ-ਸ਼੍ਰੀਨਗਰ ਹਾਈਵੇਅ ‘ਤੇ CRPF ਦੇ ਜਵਾਨਾਂ ਦੇ ਕਾਫਲੇ ‘ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ ਸੀ ਅਤੇ ਭਾਰਤ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਇਲਾਕੇ ‘ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ । ਇਸ ਹਮਲੇ ਦੇ ਜਵਾਬ ‘ਚ ਭਾਰਤ ਨੇ ਪਾਕਿਸਤਾਨ ਤੋਂ ਬਦਲਾ ਲੈ ਲਿਆ। ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ ਏਅਰ ਸਟ੍ਰਾਈਕ ਕਰਕੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਅੱਜ ਅਸੀਂ ਉਸ ਹਮਲੇ ਦੀ 6ਵੀਂ ਬਰਸੀ ਮਨਾ ਰਹੇ ਹਾਂ।
4 ਪੰਜਾਬ ਦੇ ਪੁੱਤ ਵੀ ਸ਼ਹੀਦ ਹੋਏ
ਇਨ੍ਹਾਂ 40 ਜਵਾਨਾਂ ‘ਚ 4 ਪੰਜਾਬ ਦੇ ਪੁੱਤ ਵੀ ਸ਼ਹੀਦ ਹੋਏ। ਜਿਨ੍ਹਾਂ ‘ਚ ਇਕ ਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ, ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਜੋ ਸੀਆਰਪੀਐਫ ਕਾਫ਼ਲੇ ਦੀ ਬੱਸ ਚਲਾ ਰਿਹਾ ਸੀ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਅਤੇ ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਰੌਲੀ ਨਾਲ ਸਬੰਧਤ ਕੁਲਵਿੰਦਰ ਸਿੰਘ ਸ਼ਾਮਿਲ ਸੀ।
300 ਕਿਲੋ ਵਿਸਫੋਟਕ ਨਾਲ ਭਰੇ ਵਾਹਨ ਨਾਲ ਕੀਤਾ ਸੀ ਹਮਲਾ
ਦਰਅਸਲ, ਅੱਤਵਾਦੀਆਂ ਨੇ ਪੁਲਵਾਮਾ ‘ਚ ਨੈਸ਼ਨਲ ਹਾਈਵੇ ‘ਤੇ ਜਾ ਰਹੇ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨਾਂ ਦੇ ਕਾਫਲੇ ਨੂੰ ਗੁਪਤ ਤਰੀਕੇ ਨਾਲ ਨਿਸ਼ਾਨਾ ਬਣਾਇਆ। 14 ਫਰਵਰੀ 2019 ਦੀ ਦੁਪਹਿਰ ਨੂੰ 300 ਕਿਲੋਗ੍ਰਾਮ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ CRPF ਦੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਕਾਫਲੇ ਨੂੰ ਉਡਾ ਦਿੱਤਾ।
ਅੱਤਵਾਦੀ ਆਦਿਲ ਅਹਿਮਦ ਡਾਰ ਨੇ ਦਿੱਤਾ ਸੀ ਹਮਲੇ ਨੂੰ ਅੰਜ਼ਾਮ
ਘਟਨਾ ਦੇ ਕੁਝ ਮਿੰਟਾਂ ਦੇ ਅੰਦਰ ਹੀ ਪੂਰੀ ਦੁਨੀਆ ਵਿਚ ਇਸ ਦੀ ਨਿੰਦਾ ਹੋਈ। ਭਾਰਤ ਦੇ ਬਹਾਦਰ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿਆਦਾਤਰ ਦੇਸ਼ਾਂ ਨੇ ਨਿੰਦਾ ਕੀਤੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦਾ ਨਾਂ ਆਦਿਲ ਅਹਿਮਦ ਡਾਰ ਸੀ। ਇਸ ਤੋਂ ਇਲਾਵਾ ਸੱਜਾਦ ਭੱਟ, ਮੁਦਾਸਿਰ ਅਹਿਮਦ ਖਾਨ ਆਦਿ ਅੱਤਵਾਦੀ ਵੀ ਹਮਲੇ ‘ਚ ਸ਼ਾਮਲ ਸਨ, ਜਿਨ੍ਹਾਂ ਨੂੰ ਬਾਅਦ ‘ਚ ਫੌਜ ਨੇ ਮਾਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੇ ਕੀਤੀ, ਜਿਸ ‘ਚ ਉਸ ਨੇ 13,500 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ।
ਭਾਰਤ ਨੇ ਇੰਝ ਲਿਆ ਸੀ ਬਦਲਾ
ਇਸ ਹਮਲੇ ਦਾ ਭਾਰਤ ਨੇ ਬਦਲਾ ਲਿਆ। 26 ਫਰਵਰੀ 2019 ਨੂੰ ਰਾਤ ਦੇ ਕਰੀਬ ਤਿੰਨ ਵਜੇ ਭਾਰਤੀ ਹਵਾਈ ਫ਼ੌਜ ਦੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ (LoC) ਨੂੰ ਪਾਰ ਕੀਤਾ ਅਤੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਸੂਤਰਾਂ ਮੁਤਾਬਕ ਇਸ ਹਮਲੇ ‘ਚ ਪਾਕਿਸਤਾਨ ਸਹਿਯੋਗੀ 300 ਅੱਤਵਾਦੀ ਮਾਰੇ ਗਏ ਸਨ। ਹਵਾਈ ਹਮਲੇ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਕਰੀਬ 1000 ਕਿਲੋ ਬੰਬ ਵਰ੍ਹਾਏ ਗਏ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਣ ਦੀ ਜ਼ਿੰਮੇਵਾਰੀ NSA ਅਜੀਤ ਡੋਵਾਲ ਨੂੰ ਦਿੱਤੀ ਸੀ। ਉਨ੍ਹਾਂ ਤੋਂ ਇਲਾਵਾ ਉਸ ਵੇਲੇ ਦੇ ਹਵਾਈ ਸੈਨਾ ਮੁਖੀ ਬੀ.ਐਸ ਧਨੋਆ ਨੇ ਵੀ ਹਵਾਈ ਹਮਲੇ ਵਿਚ ਅਹਿਮ ਭੂਮਿਕਾ ਨਿਭਾਈ ਸੀ।