ਚੰਡੀਗੜ੍ਹ- ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੰਡੀਗੜ੍ਹ ਸੁਖਨਾ ਲੇਕ ਨੇੜੇ ਇਕ ਪਿੰਡ ‘ਚ ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਅਤੇ ਬੰਬ ਦੇ ਆਸੇ ਪਾਸੇ ਮਿੱਟੀ ਦੇ ਗੱਟੇ ਰੱਖੇ ਗਏ ਹਨ ਅਤੇ ਮੌਕੇ ਉੱਤੇ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਕ ਔਰਤ ਨੇ ਚੰਡੀਗੜ੍ਹ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਦੱਸਿਆ ਕਿ ਕੈਂਬਵਾਲਾ ਵਿੱਚ ਇਕ ਕਬਾੜ ਦੀ ਦੁਕਾਨ ਨੇੜੇ ਇਕ ਸ਼ੱਕੀ ਬੰਬ ਪਿਆ ਹੈ।
ਸੂਚਨਾ ਮਿਲਦੇ ਹੀ ਪੁਲਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਮੌਕੇ ‘ਤੇ ਪਹੁੰਚੀ। ਐੱਸ. ਐੱਸ. ਪੀ. ਕੰਵਰਦੀਪ ਕੌਰ, ਡੀ. ਐੱਸ. ਪੀ. ਉਦੈਪਾਲ, ਥਾਣਾ ਇੰਚਾਰਜ ਨਰਿੰਦਰ ਪਟਿਆਲ, ਆਪ੍ਰੇਸ਼ਨ ਸੈੱਲ ਅਤੇ ਬੰਬ ਡਿਟੈਕਸ਼ਨ ਟੀਮ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਅਨੁਸਾਰ ਇਹ ਬੰਬ ਸ਼ੈੱਲ ਜੰਗ ਦੇ ਸਮੇਂ ਵਰਤਿਆ ਗਿਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਖਨਾ ਚੌਅ ਵਿੱਚ ਅਜਿਹਾ ਹੀ ਬੰਬ ਸ਼ੈੱਲ ਮਿਲ ਚੁੱਕਿਆ ਹੈ। ਫਿਲਹਾਲ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ।