ਚੰਡੀਗੜ੍ਹ, ਚੰਡੀਗੜ੍ਹ ਵਿੱਚ ਸ਼ੁੱਕਰਵਾਰ ਦੀ ਸਵੇਰ ਧੁੰਦ ਦੀ ਸੰਘਣੀ ਚਾਦਰ ਲਿਪਟੀ ਨਜ਼ਰ ਆਈ ਅਤੇ ਤਾਪਮਾਨ ਘੱਟੋ-ਘੱਟ 6 ਡਿਗਰੀ ਸੈਲਸੀਅਸ ਤੱਕ ਆ ਗਿਆ। ਇਸ ਦੌਰਾਨ ਰਾਹਗੀਰਾਂ ਨੂੰ ਸਫ਼ਰ ਦੌਰਾਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਸਮੱਸਿਆ ਜਲਦ ਹੀ ਘੱਟ ਹੋ ਸਕਦੀ ਹੈ, ਆਈਐਮਡੀ ਨੇ ਤਾਜ਼ਾ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਮਾਮੂਲੀ ਵਾਧੇ ਦੀ ਭਵਿੱਖਬਾਣੀ ਕੀਤੀ ਹੈ।
ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ, ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਸੀਮਾ ਤੋਂ ਬਹੁਤ ਹੇਠਾਂ ਹੈ ਅਤੇ ਸ਼ੁੱਕਰਵਾਰ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਵੀ ਘਟ ਰਹੀ। ਪੰਜਾਬ ਵਿੱਚ ਸੀਤ ਲਹਿਰ ਨੇ ਮੋਹਾਲੀ ਅਤੇ ਅੰਮ੍ਰਿਤਸਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 10.7 ਡਿਗਰੀ ਸੈਲਸੀਅਸ ਅਤੇ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਵੀ ਦਿਨ ਵੇਲੇ 12 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦੋਂ ਕਿ ਪਟਿਆਲਾ ਵਿੱਚ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਆਂਢੀ ਸੂਬੇ ਹਰਿਆਣਾ ‘ਚ ਦਿਨ ਵੇਲੇ ਜ਼ਿਆਦਾਤਰ ਥਾਵਾਂ ’ਤੇ ਕੜਾਕੇ ਦੀ ਠੰਢ ਪੈ ਰਹੀ ਹੈ।