ਚੰਡੀਗੜ੍ਹ/ਬਠਿੰਡਾ- ਮਨਪ੍ਰੀਤ ਬਾਦਲ 18 ਜਨਵਰੀ ਨੂੰ ਦਿੱਲੀ ਵਿਚ ਭਾਜਪਾ ਮੁੱਖ ਦਫ਼ਤਰ ਜਾ ਕੇ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ ਅਜੇ ਵੀ ਸੂਬਾ ਭਾਜਪਾ ਵਿਚ ਉਨ੍ਹਾਂ ਦੀ ਸਰਗਰਮੀ ਦੇਖਣ ਨੂੰ ਨਹੀਂ ਮਿਲ ਰਹੀ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਡੇਢ ਦਿਨ ਦੇ ਬਠਿੰਡਾ ਦੌਰੇ ਦੌਰਾਨ ਵੀ ਮਨਪ੍ਰੀਤ ਨਜ਼ਰ ਨਹੀਂ ਆਏ। ਉਨ੍ਹਾਂ ਦੀ ਕੀ ਭੂਮਿਕਾ ਰਹੇਗੀ, ਇਸ ਬਾਰੇ ਵੀ ਹੁਣ ਤੱਕ ਸੂਬਾ ਭਾਜਪਾ ਨੂੰ ਕੋਈ ਸੰਦੇਸ਼ ਨਹੀਂ ਮਿਲਿਆ ਹੈ। ਉਂਝ ਭਾਜਪਾ ਵਿਚ ਉਨ੍ਹਾਂ ਦੇ ਕੱਦ ਦਾ ਪਤਾ ਬਠਿੰਡਾ ਨਗਰ ਨਿਗਮ ਨਾਲ ਚੱਲੇਗਾ।
ਦਰਅਸਲ 50 ਕੌਂਸਲਰਾਂ ਵਾਲੇ ਬਠਿੰਡਾ ਨਿਗਮ ਵਿਚ ਕਾਂਗਰਸ ਦੇ 41 ਕੌਂਸਲਰ ਜਿੱਤੇ ਸਨ ਅਤੇ ਲਗਭਗ ਸਾਰੇ ਮਨਪ੍ਰੀਤ ਦੇ ਸਮਰਥਕ ਦੱਸੇ ਜਾਂਦੇ ਹਨ। ਹੁਣ ਉਨ੍ਹਾਂ ਤੋਂ ਬਾਅਦ ਜੇਕਰ ਇਹ ਕੌਂਸਲਰ ਵੀ ਭਾਜਪਾ ਵਿਚ ਜਾਂਦੇ ਹਨ ਤਾਂ ਬਠਿੰਡਾ ਵਿਚ ਭਾਜਪਾ ਦਾ ਮੇਅਰ ਬਣਨਾ ਤੈਅ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਪੂਰਾ ਜ਼ੋਰ ਲਗਾ ਰਹੇ ਹਨ ਕਿ ਅਜਿਹਾ ਨਾ ਹੋਵੇ ਕਿਉਂਕਿ ਇਸ ਬੈਲਟ ਵਿਚ ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਜਨਾਧਾਰ ਮਜ਼ਬੂਤ ਬਣਾ ਚੁੱਕੀ ਹੈ। ਜਦੋਂ ਕਿ ਭਾਜਪਾ ਨੂੰ ਇਲਾਕੇ ਵਿਚ ਬਹੁਤ ਕਮਜ਼ੋਰ ਮੰਨਿਆ ਜਾਂਦਾ ਹੈ। ਅਜਿਹੇ ਵਿਚ ਸ਼ਹਿਰ ਦਾ ਮੇਅਰ ਬਣਨ ਨਾਲ ਬਠਿੰਡਾ ਸ਼ਹਿਰ ਅਤੇ ਆਸ-ਪਾਸ ਭਾਜਪਾ ਨੂੰ ਮਜ਼ਬੂਤੀ ਮਿਲੇਗੀ ਅਤੇ ਇਹੀ ਬਾਕੀ ਦਲ ਨਹੀਂ ਚਾਹੁੰਦੇ।