ਲੁਧਿਆਣਾ : ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰਾਤ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਤੇ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਮੋਬਾਈਲ ਫੋਨ, ਨਕਦੀ ਸੋਨਾ ਤੇ ਹੋਰ ਸਮਾਨ ਲੁੱਟ ਲੈਂਦੇ l
ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਬੰਸਪੁਰਾ ਦੇ ਵਾਸੀ ਸ਼ਿਵਮ ਗਿੱਲ, ਸ਼ਿਵਾਜੀ ਨਗਰ ਦੇ ਰਹਿਣ ਵਾਲੇ ਰਾਕੇਸ਼, ਬਸੰਤ ਨਗਰ ਨੂਰਵਾਲਾ ਰੋਡ ਦੇ ਵਾਸੀ ਆਸ਼ੂ ਚਿਕਨਾ ਅਤੇ ਮੁਹੱਲਾ ਇਕਬਾਲ ਨਗਰ ਗੀਤਾ ਨਗਰ ਟਿੱਬਾ ਰੋਡ ਦੇ ਵਾਸੀ ਮਨਪ੍ਰੀਤ ਸਿੰਘ ਉਰਫ ਸੋਨੂੰ ਵਜੋਂ ਹੋਈ ਹੈ l ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਪਿਸਤੌਲ, ਇੱਕ ਦਾਤਰ, ਅੱਠ ਮੋਬਾਈਲ ਫੋਨ, ਤਿੰਨ ਸੋਨੇ ਦੀਆਂ ਚੇਨਾਂ ਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਟੀ ਪੁਆਇੰਟ ਸਿਵਲ ਹਸਪਤਾਲ ਮੌਜੂਦ ਸੀ l ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਚਾਰੇ ਮੁਲਜ਼ਮ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਤੇ ਇਸ ਵੇਲੇ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ l ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ l ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈl