ਲੁਧਿਆਣਾ, 11 ਸਤੰਬਰ (ਦਲਜੀਤ ਸਿੰਘ)- ਲੁਧਿਆਣਾ ‘ਚ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਯੂਥ ਕਾਂਗਰਸ ਦੇ ਆਗੂਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਜਿਸ ਦੌਰਾਨ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਜਾਣਕਾਰੀ ਮੁਤਾਬਕ ਕਾਂਗਰਸੀ ਵਰਕਰ ਅੱਜ ਘੰਟਾਘਰ ਚੌਂਕ ਵਿਖੇ ਭਾਜਪਾ ਦੇ ਦਫ਼ਤਰ ਨੂੰ ਤਾਲਾ ਲਾਉਣ ਲਈ ਪਹੁੰਚੇ ਸਨ। ਕਾਂਗਰਸੀ ਵਰਕਰਾਂ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾਭਾਜਪਾ ਵਰਕਰਾਂ ਨਾਲ ਟਕਰਾਅ ਹੋ ਗਿਆ। ਇਹ ਟਕਰਾਅ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਪਥਰਾਅ ਕੀਤਾ ਗਿਆ।
ਦੋਵੇਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਦੋਸ਼ ਲਾਏ ਜਾ ਰਹੇ ਸਨ। ਇਸ ਤਰ੍ਹਾਂ ਮਾਹੌਲ ਕਾਫ਼ੀ ਜ਼ਿਆਦਾ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਲਾਠੀਚਾਰਜ ਕਰਨਾ ਪਿਆ। ਪੁਲਸ ਵੱਲੋਂ ਬੈਰੀਕੇਡਿੰਗ ਵੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਭਾਜਪਾ ਵਰਕਰਾਂ ਵੱਲੋਂ ਪਿਛਲੇ 2 ਦਿਨਾਂ ਤੋਂ ਲੁਧਿਆਣਾ ‘ਚ ਕਾਂਗਰਸ ਸਰਕਾਰ ਨੂੰ ਘੇਰਨ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਅੱਜ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਹਾਲਾਤ ਤਣਾਅਪੂਰਨ ਬਣ ਗਏ।