ਸੁਨਾਮ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ, ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਛੱਡ ਕੇ ਵਿਸ਼ੇਸ਼ ਆਰਥਿਕ ਪੈਕੇਜ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਸੂਬੇ ਨੇ ਅੱਤਵਾਦ ਦੀ ਮਾਰ ਝੱਲੀ ਹੋਈ ਹੈ। ਐਤਵਾਰ ਨੂੰ ਸੁਨਾਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ 2800 ਕਰੋੜ ਰੁਪਏ ਆਰਡੀਐੱਫ (ਪੇਂਡੂ ਵਿਕਾਸ ਫੰਡ) ਦੇ ਰੋਕੇ ਹੋਏ ਹਨ ਤੇ ਇਸ ਕਾਰਨ ਪੇਂਡੂ ਖੇਤਰਾਂ ਦਾ ਵਿਕਾਸ ਰੁਕ ਗਿਆ ਹੈ। ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਮਾਹੌਲ ਸਿਰਜ ਰਹੀ ਹੈ, ਇਕ ਪਲਾਂਟ ਟਾਟਾ ਸਟੀਲ ਵੱਲੋਂ 2600 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸੰਗਰੂਰ ਤੇ ਸੁਨਾਮ ਵਿਚ ਵਿਸ਼ੇਸ਼ ਉਦਯੋਗ ਜ਼ੋਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਇਹ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚੱਲ ਰਹੀ ਹੈ। ਇਸ ਮੌਕੇ ਜਗਦੀਸ਼ ਅਰੋੜਾ, ਹਰੀਸ਼ ਅਰੋੜਾ, ਭਾਨੂੰ ਰੈਗਰ, ਜਗਦੀਸ਼ ਵਰਮਾ, ਅੰਤਰ ਸਿੰਘ ਅਨੰਦ, ਮਨਮੋਹਨ ਸਿੰਘ ਅਨੰਦ ਆਦਿ ਹਾਜ਼ਰ ਸਨ।