ਕਰਨਾਲ,11 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਵਿਵਾਦ ਖ਼ਤਮ ਹੋ ਗਿਆ ਹੈ। ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ’ਚ ਸਹਿਮਤੀ ਬਣੀ ਹੈ, ਇਸ ਦੇ ਨਾਲ ਹੀ ਕਰਨਾਲ ਧਰਨਾ ਖ਼ਤਮ ਹੋ ਗਿਆ। ਦਰਅਸਲ 28 ਅਗਸਤ ਨੂੰ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਰਨਾਲ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਸੀ। ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਿਸ ਤੋਂ ਬਾਅਦ ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਰਨਾਲ ਧਰਨੇ ’ਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕੀਤਾ। ਸੰਬੋਧਨ ਵਿਚ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਰਨਾਲ ਮੋਰਚੇ ’ਚ ਕਿਸਾਨਾਂ ਦੀ ਜਿੱਤ ਹੋਈ ਹੈ। ਕਿਸਾਨਾਂ ਦੀ ਏਕਤਾ ਅੱਗੇ ਭਾਜਪਾ ਸਰਕਾਰ ਨੇ ਗੋਡੇ ਟੇਕ ਦਿੱਤੇ। ਸ਼ਹੀਦ ਸੁਸ਼ੀਲ ਕਾਜਲ ਦੇ ਪਰਿਵਾਰ ਨੂੰ ਨੌਕਰੀ ਮਿਲੇਗੀ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਨਿਆਂਇਕ ਜਾਂਚ ਹੋਵੇਗੀ।
ਚੜੂਨੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਹੀ ਅੰਦੋਲਨ ਜਿੱਤੇ ਜਾਂਦੇ ਹਨ। ਅੰਦੋਲਨ ਕੁਰਬਾਨੀ ਮੰਗਦਾ ਹੈ, ਇੰਨੀਆਂ ਕੁਰਬਾਨੀਆਂ ਦਿਓ ਕਿ ਲੋਕ ਤੁਹਾਨੂੰ ਯਾਦ ਰੱਖਣ। ਜਿੱਤ ਦਾ ਮੂਲ ਮੰਤਰ- ਸ਼ਾਂਤੀ ਨਾਲ ਡਟੇ ਰਹੋ। ਜੇਕਰ ਪੁਲਸ ਲਾਠੀ ਮਾਰੇ ਤਾਂ ਖੁਸ਼ ਹੋ ਕੇ ਸਵਾਗਤ ਕਰੋ, ਜਵਾਬ ਨਾ ਦਿਓ। ਚੜੂਨੀ ਨੇ ਇਹ ਵੀ ਕਿਹਾ ਕਿ ਪੁਲਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੇ ਲੋਕਾਂ ਨੂੰ ਭਾਜਪਾ-ਜੇ. ਜੇ. ਪੀ. ਖ਼ਿਲਾਫ਼ ਹਲਕਾ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ ਤਾਂ ਮਾਹੌਲ ਵਿਗੜੇਗਾ ਪਰ ਅਸੀਂ ਕਿਸਾਨਾਂ ਨੂੰ ਅਨੁਸ਼ਾਸਨ ਅਤੇ ਜ਼ਾਬਤੇ ’ਚ ਰਹਿਣ ਦੀ ਅਪੀਲ ਕਰਦੇ ਹਾਂ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਇਨ੍ਹਾਂ ਸ਼ਬਦਾਂ ਨਾਲ ਕਰਨਾਲ ਧਰਨਾ ਖਤਮ ਹੋਇਆ।