ਆਧੁਨਿਕ ਦੌਰ ‘ਚ ਮੀਡੀਆ ਨੂੰ ਚੁਣੌਤੀਆਂ

lal garg/nawanpunjab.com

ਤਕਨਾਲੋਜੀ ਤੇ ਸੂਚਨਾ ਦੇ ਹੜ੍ਹ ਦੇ ਅਜੋਕੇ ਦੌਰ ਵਿੱਚ ਸੰਸਾਰ ਦੇ ਮੀਡੀਆ ਨੂੰ ਭਾਂਤ-ਭਾਂਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਆਰਥਿਕ ਸੁਧਾਰਾਂ ਦੇ ਨਾਮ ਹੇਠ ਨਵੀਆਂ ਆਰਥਿਕ ਨੀਤੀਆਂ ਦੇ ਪਿਛਲੇ ਤਿੰਨ ਦਹਾਕਿਆਂ ਵਿੱਚ ਇਹ ਚੁਣੌਤੀਆਂ ਹੋਰ ਵੀ ਵਧ ਗਈਆਂ ਹਨ ! ਹੁਣ ਤਾਂ ਮੀਡੀਆ ਦਾ ਰੰਗ ਰੂਪ ਹੀ ਬਦਲ ਗਿਆ ਹੈ। ਪ੍ਰਿੰਟ ਮੀਡੀਆ ਤੇ ਬਿਜਲਈ ਮੀਡੀਆ ਦਾ ਬੋਲਬਾਲਾ ਰੇਡੀਓ ਅਤੇ ਟੀ.ਵੀ ਤੋਂ ਅੱਗੇ ਲੰਘ ਕੇ ਸੋਸ਼ਲ ਮੀਡੀਆ ਵਜੋਂ ਹੋ ਗਿਆ ਹੈ, 380 ਕਰੋੜ ਲੋਕ ਫੇਸਬੁੱਕ, ਵਟ੍ਹਸਐਪ, ਫੇਸਬੁੱਕ, ਮੈਸੇਂਜਰ, ਟਵਿੱਟਰ ਦੀ ਵਰਤੋਂ ਕਰ ਰਹੇ ਹਨ। ਮੀਡੀਆ ਵਿੱਚ ਆਏ ਬਦਲਾਅ ਕਾਰਨ ਸਾਡੇ ਸਮਾਜਿਕ, ਆਰਥਿਕ ਅਤੇ ਸਿਆਸੀ ਪਰਿਪੇਖ ਵਿੱਚ ਤੇਜ਼ ਤਬਦੀਲੀ ਦੇ ਕਾਰਨ ਹੋਰ ਵੀ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਆਜ਼ਾਦੀ ਦੀ ਲਹਿਰ ਵੇਲੇ ਮੀਡੀਆ ਨੇ ਬਹੁਤ ਸਾਰੀ ਲੋਕ ਪੱਖੀ ਅਤੇ ਸਾਰਥਿਕ ਭੂਮਿਕਾ ਨਿਭਾਈ ! ਹੁਣ ਨਵੇਂ ਬਦਲਾਵਾਂ ਦੇ ਸਨਮੁੱਖ ਮੀਡੀਆ ਨੂੰ ਚੁਣੌਤੀ ਹੈ ਕਿ ਕੀ ਇਹ ਆਪਣੇ ਆਜ਼ਾਦੀ ਦੀ ਜੰਗ ਵੇਲੇ ਦੇ ਲੋਕ ਪੱਖੀ ਸਰੂਪ ਅਤੇ ਭੂਮਿਕਾ ਨੂੰ ਅੱਜ ਦੇ ਸੰਦਰਭ ਵਿੱਚ ਅਤੇ ਨਵੀਆਂ ਪ੍ਰਸਥਿਤੀਆਂ ਦੇ ਸਨਮੁੱਖ ਨਿਭਾਅ ਪਾਏਗਾ ?
ਨਵੀਆਂ ਆਰਥਿਕ ਨੀਤੀਆਂ ਦੇ ਇਸ ਦੌਰ ਵਿੱਚ ਮੀਡੀਆ ਵੱਧ ਤੋਂ ਵੱਧ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾ ਰਿਹਾ ਹੈ, ਜਿਸ ਨਾਲ ਮੀਡੀਆ ਵਿੱਚ ਕਾਰਪੋਰੇਟ ਹਿਤਾਂ, ਕਾਰਪੋਰੇਟ ਹਿਤਾਂ ਨੂੰ ਸਿਰੇ ਚਾੜ੍ਹਨ ਵਾਲੇ ਸਿਆਸਤਦਾਨਾਂ ਅਤੇ ਉਨ੍ਹਾਂ ਪੱਖੀ ਨੀਤੀਆਂ ਦਾ ਬੋਲ ਬਾਲਾ ਅਤੇ ਤੌਰ ਤਰੀਕਾ ਸ਼ੁਰੂ ਹੋ ਗਿਆ ਹੈ। ਇਸ ਕਰ ਕੇ ਮੀਡੀਆ ਦੇ ਲੋਕ ਪੱਖੀ ਰਹਿਣ ਵਾਸਤੇ, ਸਹੀ ਤਸਵੀਰ ਜਨਤਾ ਦੇ ਸਾਹਮਣੇ ਪਰੋਸਣ ਦੇ ਅਮਲ ਨੂੰ ਚਾਲੂ ਰੱਖਣਾ ਵੀ ਵੱਡੀ ਚੁਣੌਤੀ ਹੈ। ਰਹਿੰਦੀ ਕਸਰ ਐਫ.ਡੀ.ਆਈ ਦੀ ਘੁਸਪੈਠ ਨੇ ਪੂਰੀ ਕਰ ਦਿੱਤੀ ਹੈ। ਬੇਸ਼ੱਕ ਐਫ.ਡੀ.ਆਈ ਮੁੱਖ ਤੌਰ ‘ਤੇ ਸਰਗਰਮ ਤਾਂ ਮਨ-ਪਰਚਾਵੇ ਦੇ ਮੀਡੀਆ ਉਦਯੋਗ ਵਿੱਚ ਹੈ, ਪਰ ਹਾਲ ਹੀ ਵਿੱਚ ਇਸ ਦੀ ਦਿਲਚਸਪੀ ਛਪਾਈ, ਰੇਡੀਓ ਅਤੇ ਹੋਰ ਬਿਜਲਈ ਮੀਡੀਆ ਵਿੱਚ ਤੇਜ਼ੀ ਨਾਲ ਵਧੀ ਹੈ। ਇਸ ਨਾਲ ਬਹੁਤ ਸਾਰੇ ਨਾਂਹਪੱਖੀ ਰੁਝਾਨ ਅਤੇ ਲੋਕ ਵਿਰੋਧੀ ਵਰਤਾਰੇ ਸ਼ੁਰੂ ਹੋ ਗਏ ਹਨ। ਭਾਂਤ-ਭਾਂਤ ਦੇ ਸ਼ੰਕੇ ਵੀ ਖੜ੍ਹੇ ਹੋਏ ਹਨ। ਬੇਸ਼ੱਕ ਐਫ.ਡੀ.ਆਈ ਦੇ ਉਪਾਸ਼ਕ ਤਾਂ ਇਸ ਨੂੰ ਵਰਦਾਨ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਨਾਲ ਸਹੂਲਤਾਂ ਵਧੀਆਂ ਹਨ, ਗੁਣਵੱਤਾ ਵਧੀ ਹੈ, ਫ਼ਾਸਲੇ ਘਟੇ ਹਨ, ਭੂਗੋਲਿਕ ਪਹੁੰਚ ਦਾ ਪਸਾਰਾ ਹੋਇਆ ਹੈ, ਨਵੀਂ ਤਕਨਾਲੋਜੀ ਨਾਲ ਅਤੇ ਉਪਕਰਨਾਂ ਨਾਲ ਸੂਚਨਾ ਪਸਾਰ ਵਿੱਚ ਤੇ ਇਸ ਦੇ ਤੌਰ ਤਰੀਕਿਆਂ ਵਿੱਚ ਤੇਜ਼ੀ ਆਈ ਹੈ। ਇਸ ਨੇ ਨਸਲਾਂ ਦੀਆਂ ਲਕੀਰਾਂ ਅਤੇ ਭੂਗੋਲਿਕ ਸੀਮਾਵਾਂ ਮਿਟਾ ਦਿੱਤੀਆਂ ਹਨ। ਐਫ.ਡੀ.ਆਈ ਨੇ ਤਾਂ ਸਥਾਨਕ ਦੇਸੀ ਮੀਡੀਆ ਹਾਊਸਜ਼ ਦੇ ਪਨਪਣ ਉੱਪਰ ਵੀ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ ਕਿਉਂ ਜੋ ਇਨ੍ਹਾਂ ਦੇ ਸਾਹਮਣੇ ਪੂੰਜੀ ਨਿਵੇਸ਼ ਅਤੇ ਆਧੁਨਿਕ ਤਕਨਾਲੋਜੀ ਤੱਕ ਪਹੁੰਚ ਕਰਨ ਵਰਗੀਆਂ ਬਹੁਤ ਵੱਡੀਆਂ ਚੁਣੌਤੀਆਂ ਹਨ। ਵਿਦੇਸ਼ੀ ਪੂੰਜੀ ਦੇ ਦਖ਼ਲ ਨੇ ਇੱਕ ਵਿਸ਼ੇਸ਼ ਕਿਸਮ ਦੀ ਇੱਕੋ ਵੰਨਗੀ ਦੀ ਸਮਗਰੀ ਪਰੋਸਣੀ ਹੈ, ਜਿਹੜੀ ਸਾਡੀ ਵੰਨ ਸੁਵੰਨੀ ਅਨੇਕਤਾ ਵਿੱਚ ਏਕਤਾ ਵਾਲੀ ਜੀਵਣ ਸ਼ੈਲੀ ਨੂੰ ਤਹਿਸ ਨਹਿਸ਼ ਕਰ ਸਕਦੀ ਹੈ। ਸਾਡੀ ਜੀਵਣ ਸ਼ੈਲੀ ਦੇ ਮਾਫ਼ਕ ਨਾ ਹੋਣ ਕਰ ਕੇ ਇਸ ਨੇ ਬਹੁਤ ਸਾਰੇ ਵਿਗਾੜ ਪੈਦਾ ਕਰਨੇ ਹਨ। ਇਸ ਮੀਡੀਆ ਵੱਲੋਂ ਸਾਡੇ ਸਭਿਆਚਾਰ ਅਤੇ ਬੋਲੀ ਉੱਪਰ ਹੱਲਾ ਵੀ ਇੱਕ ਵੱਡੀ ਚੁਣੌਤੀ ਹੈ। ਇਹ ਲੋਕ ਸਾਡੇ ਰਹਿਣ-ਸਹਿਣ, ਖਾਣ-ਪੀਣ, ਮਨ-ਪਰਚਾਵੇ ਅਤੇ ਸੋਚ ਨੂੰ ਆਪਣੇ ਸਭਿਆਚਾਰ ਦੀ ਰੰਗਤ ਚਾੜ੍ਹਨਗੇ, ਜਿਸ ਦਾ ਮੁਕਾਬਲਾ ਕਰਨਾ ਅਤੇ ਜਿਸ ਤੋਂ ਬਚਣਾ ਅਤੇ ਬਚਾਉਣਾ ਸਾਡੇ ਸਥਾਨਕ ਮੀਡੀਆ ਸਾਹਮਣੇ ਇੱਕ ਨਿਵੇਕਲੀ ਚੁਣੌਤੀ ਹੈ। ਨਵੇਂ ਯੁੱਗ ਵਿੱਚ ਮੀਡੀਆ ਦੇ ਰੁਜ਼ਗਾਰਾਂ ‘ਤੇ ਚੱਲਣ ਵਾਲੀ ਆਰੀ ਵੀ ਇੱਕ ਵੱਡੀ ਚੁਣੌਤੀ ਹੈ। ਮੀਡੀਆ ਵਿੱਚ ਮਿਲਦੇ ਰੁਜ਼ਗਾਰ ਖੁੱਸ ਜਾਣਗੇ। ਮੀਡੀਆ ਸਹਾਰੇ ਚੱਲਣ ਵਾਲੇ ਬਹੁਤ ਸਾਰੇ ਹੋਰ ਰੁਜ਼ਗਾਰ ਬੰਦ ਹੋ ਜਾਣਗੇ, ਮੀਡੀਆ ਕਰਮੀਆਂ ਦੇ ਰੁਜ਼ਗਾਰ ਉੱਪਰ ਹਰ ਵਖਤ ਛਾਂਟੀ ਦੀ ਤਲਵਾਰ ਲਟਕਦੀ ਰਹੇਗੀ। ਇਸ ਦੇ ਨਾਲ ਹੀ ਮੀਡੀਆ ਦੇ ਖੇਤਰ ਵਿੱਚ ਪਿਛਲੇ ਸੱਤ ਦਹਾਕਿਆਂ ਦੌਰਾਨ ਹੋਈ ਤਰੱਕੀ ਕਰ ਕੇ ਇਸ ਖੇਤਰ ਵਿੱਚ ਆਏ ਹੇਠ ਦੱਸੇ ਵਰਤਾਰਿਆਂ ਦੀ ਹੋਂਦ ਨੂੰ ਵੀ ਖ਼ਤਰਾ ਹੈ। ਜਰਨਲਿਜ਼ਮ ਵਿੱਚ ਹੋਈ ਤਰੱਕੀ ਦੀਆਂ ਮੂੰਹ ਬੋਲਦੀਆਂ ਉਦਾਹਰਨਾਂ ਹਨ:

  1. ਵਰਕਿੰਗ ਜਰਨਲਿਸਟਾਂ ਦੀ ਜਥੇਬੰਦੀ ਬਣੀ,
  2. ਜਰਨਲਿਜ਼ਮ ਦੀ ਪੜ੍ਹਾਈ ਸ਼ੁਰੂ ਹੋਈ, ਜਰਨਲਿਜ਼ਮ ਦੇ ਕੋਰਸ, ਸਿਖਲਾਈ, ਡਿਗਰੀਆਂ, ਪੋਸਟ ਗ੍ਰੈਜੂਏਟ ਕੋਰਸ ਅਤੇ ਖੋਜ ਅਤੇ ਡਾਕਟਰੇਟ ਸ਼ੁਰੂ ਹੋਏ !
  3. ਸਮਾਜ ਪੱਧਰੀ ਵਾਰਤਾਲਾਪ ਜਾਂ ਸੰਵਾਦ ਰਚਾਉਣ ਵਾਸਤੇ ਤਕਨੀਕਾਂ ਅਤੇ ਪੁਖ਼ਤਾ ਜਾਣਕਾਰੀ ਲਈ ਅਤੇ ਮੀਡੀਆ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਇਸ ਦੇ ਇਤਿਹਾਸ ਬਾਬਤ ਕਿਤਾਬਾਂ ਛਪੀਆਂ,
  4. ਜਰਨਲਿਸਟਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵਧਦਾ ਗਿਆ।
    ਮੌਜੂਦਾ ਹਾਲਤ ਵਿੱਚ ਇਨ੍ਹਾਂ ਕੋਰਸਾਂ ਨੂੰ ਚਾਲੂ ਰੱਖਣਾ ਸਾਡੇ ਸਾਹਮਣੇ ਚੁਣੌਤੀ ਹੋਵੇਗੀ, ਬਾਹਰਲੀਆਂ ਯੂਨੀਵਰਸਿਟੀਆਂ ਅਤਿ ਮਹਿੰਗੇ ਕੋਰਸ ਕਰਵਾਉਣਗੀਆਂ। ਜਰਨਲਿਜ਼ਮ ਦੀ ਪੜ੍ਹਾਈ ਅਤੇ ਕਿੱਤਾ ਸਧਾਰਨ ਲੋਕਾਂ ਕੋਲੋਂ ਖੁੱਸ ਕੇ ਪੈਸੇ ਵਾਲਿਆਂ ਦੇ ਕੋਲ ਚੱਲਿਆ ਜਾਵੇਗਾ। ਧਨਾਢ ਜਰਨਲਿਸਟ ਭਾਰਤ ਦੇ ਦੂਰ ਦੁਰਾਡੇ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲੋਂ ਤੇ ਉਨ੍ਹਾਂ ਦੀਆਂ ਜੀਵਣ ਹਾਲਤਾਂ ਨਾਲੋਂ ਟੁੱਟੇ ਹੋਏ ਹੋਣਗੇ! ਜਰਨਲਿਸਟਾਂ ਦਾ ਅਤੇ ਮੀਡੀਆ ਦਾ ਸਮਾਜਿਕ ਜ਼ਿੰਮੇਵਾਰੀ ਦਾ ਕਾਰਜ ਤੇ ਅਹਿਸਾਸ ਢਹਿ-ਢੇਰੀ ਹੋ ਜਾਣਗੇ। ਸਮਾਜਿਕ ਜ਼ਿੰਮੇਵਾਰੀ ਦੀ ਪਰਿਭਾਸ਼ਾ ਹੀ ਬਦਲ ਜਾਵੇਗੀ। ਕੇਵਲ ਕਿਸੇ ਦੁਖੀ ਦੀ ਕਹਾਣੀ ਲਿਖ ਕੇ ਉਸ ਦੀ ਮਦਦ ਵਾਸਤੇ ਬੇਨਤੀ ਕਰਨ ਨੂੰ ਹੀ ਸਮਾਜਿਕ ਜ਼ਿੰਮੇਵਾਰੀ ਦੀ ਪੂਰਤੀ ਸਮਝ ਲਿਆ ਜਾਵੇਗਾ। ਇਸ ਤਰ੍ਹਾਂ ਵੱਡੀ ਚੁਣੌਤੀ ਹੈ ਕਿ ਮੀਡੀਆ ਜਿਹੜਾ ਅੱਜ ਇੱਕ ਸਮਾਜਿਕ ਬਦਲਾਅ ਦੇ ਹਥਿਆਰ ਵਜੋਂ ਵੇਖਿਆ ਜਾ ਰਿਹਾ ਹੈ, ਉਹ ਬੇਇਨਸਾਫ਼ੀਆਂ ਬਾਬਤ ਲੋਕ ਰੋਹ ਸਿਰਜਣ ਵਾਲਾ ਬਣਨ ਦੀ ਥਾਂ ਸਥਾਪਤੀ ਪੱਖੀ ਅਤੇ ਗ਼ਰੀਬ-ਗ਼ੁਰਬੇ ‘ਤੇ ਤਰਸ ਖਾਣ ਵਾਲਾ ਬਣ ਜਾਵੇਗਾ !
    ਇਸ ਤਰ੍ਹਾਂ ਦੇ ਵਤੀਰੇ ਦੇ ਸਿਰਜੇ ਜਾਣ ਨਾਲ ਬਹੁਤ ਸਾਰੇ ਨੈਤਿਕ ਪ੍ਰਸ਼ਨ ਵੀ ਖੜ੍ਹੇ ਹੋ ਜਾਣਗੇ। ਸਾਡੇ ਸਾਹਮਣੇ ਹੈ ਕਿ ਕਿਸੇ ਵੀ ਸੇਵਾ ਦਾ ਵਪਾਰੀਕਰਨ ਹੋਣ ਨਾਲ ਉਹ ਸੇਵਾ ਪੈਸੇ ਅਤੇ ਸਤ੍ਹਾ ਵਾਲ਼ਿਆਂ ਦੀ ਰਖੇਲ ਬਣ ਜਾਂਦੀ ਹੈ ਅਤੇ ਆਮ ਲੋਕਾਂ ਤੋਂ ਦੂਰ ਹੋ ਜਾਂਦੀ ਹੈ। ਮੀਡੀਆ ਵਿੱਚ ਵੀ ਵਪਾਰੀਕਰਨ ਹੋਣ ਨਾਲ, ਮੁਨਾਫ਼ੇਖ਼ੋਰੀ ਵਾਲਾ ਮੀਡੀਆ ਸਥਾਪਤ ਹੋ ਜਾਣ ਨਾਲ, ਇਸ ਦੇ ਸਮਾਜਿਕ ਜ਼ਿੰਮੇਵਾਰੀ ਵਾਲੇ ਅਹਿਸਾਸ ਅਤੇ ਅਮਲ ਨੂੰ ਗਹਿਰੀ ਚੋਟ ਪਹੁੰਚੇਗੀ। ਇਸ ਵਦਾਣੀ ਚੋਟ ਤੋਂ ਬਚਣਾ ਅਤੇ ਬਚਾਉਣਾ ਵੀ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਮੀਡੀਆ ਵਿੱਚ ਮਾਲਕੀ ਬਦਲਦੀ ਰਹੇਗੀ। ਸਮਾਜਿਕ ਸੇਵਾ ਵਾਲੇ ਮੁਨਾਫ਼ਾ ਰਹਿਤ ਟਰੱਸਟਾਂ ਦੀ ਥਾਂ ਪੂੰਜੀਪਤੀਆਂ ਦੇ, ਵੱਧ ਨਿਵੇਸ਼ ਦੀ ਸਮਰੱਥਾ ਵਾਲਿਆਂ ਦੇ ਹੱਥਾਂ ਵਿੱਚ ਮੀਡੀਆ ਚੱਲਿਆ ਜਾਵੇਗਾ ਜੋ ਫਿਰ ਉਨ੍ਹਾਂ ਦੇ ਹੀ ਹਿਤ ਪੂਰੇਗਾ ਬਾਕੀਆਂ ਲਈ ਤਾਂ ਮਗਰਮੱਛੀ ਹੰਝੂ ਹੀ ਹੋਣਗੇ !
    ਤਿੰਨ ਦਹਾਕਿਆਂ ਤੋਂ ਮੀਡੀਆ ਆਧੁਨਿਕ ਸਮਾਜ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਅਤੇ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹੁਣ ਤਾਂ ਮੀਡੀਆ ਸਮਾਜ ਨੂੰ ਅਤੇ ਸੱਤਾ ਨੂੰ ਤਕੜਾ ਕਰਨ ਜਾਂ ਕਮਜ਼ੋਰ ਕਰਨ ਦਾ ਆਧਾਰ ਬਣ ਚੁੱਕਿਆ ਹੈ। ਮੀਡੀਆ ਰਾਹੀਂ ਦੰਦ-ਕਥਾਵਾਂ, ਫ਼ੈਸ਼ਨ ਅਤੇ ਨਵੇਂ-ਨਵੇਂ ਉਪਕਰਨ ਵੇਚਣ ਦਾ ਰੁਝਾਨ ਵਧ ਗਿਆ ਹੈ। ਮੀਡੀਆ ਵਸਤਾਂ ਅਤੇ ਮਨ ਦੇ ਭਰਮਾਂ ਦੇ ਅਕਸ ਨੂੰ ਪੱਕਾ ਕਰਨ ਵਿੱਚ ਮਦਦ ਕਰਦਾ ਹੈ। ਸੰਸਾਰ ਵਿੱਚ ਪਈਆਂ ਤਰ੍ਹਾਂ-ਤਰ੍ਹਾਂ ਦੀਆਂ ਨਸਲ, ਰੰਗ, ਧਰਮ, ਬੋਲੀ, ਜਾਤਪਾਤ, ਲਿੰਗ ਭੇਦ ਅਤੇ ਅਮੀਰੀ ਗ਼ਰੀਬੀ ਦੀਆਂ ਵੰਡੀਆਂ ਨੂੰ ਸਮੇਂ ਸਮੇਂ ‘ਤੇ ਸੱਤਾ ਦੀ ਲੋੜ ਅਨੁਸਾਰ ਉਤੇਜਿਤ ਕਰਦਾ ਹੈ। ਸੱਤਾ ਅਤੇ ਗਿਆਨ ਉਹ ਸੰਕਲਪ ਹਨ ਜਿਹੜੇ ਰੋਜ਼ਾਨਾ ਜੀਵਣ ਵਿੱਚ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ! ਵਾਰਤਾਲਾਪ ਜਾਂ ਸ਼ਬਦ ਸੰਚਾਰ ਸੱਤਾ ਅਤੇ ਪ੍ਰਭਾਵਸ਼ਾਲੀ ਸਮੂਹਾਂ ਨਾਲ ਜੁੜਿਆ ਸੰਕਲਪ ਹੈ। ਇਹੀ ਤਾਕਤਾਂ ਫ਼ੈਸਲਾਕੁਨ ਹਨ ਇਸ ਮਾਮਲੇ ਵਿੱਚ ਕਿ ਮੀਡੀਆ ਰਾਹੀਂ ਕਿਹੜੇ ਮੁੱਦੇ ਲੋਕਾਂ ਸਾਹਮਣੇ ਪਰੋਸੇ ਜਾਣੇ ਹਨ ਅਤੇ ਸੰਸਾਰ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਸੰਸਾਰ ਨੂੰ ਸਮਝਣ ਦੀ ਲੋਕਾਂ ਦੀ ਕਿਹੋ ਜਿਹੀ ਸਮਝ ਬਣਾਈ ਜਾਂਦੀ ਹੈ! ਮੁੱਦੇ ਪਰੋਸੇ ਜਾਣ ਦੇ ਢੰਗ ਵਿੱਚ ਹੀ ਕਿਸੇ ਮੁੱਦੇ ਅਤੇ ਸਭਿਆਚਾਰ ਨੂੰ ਆਪਸ ਵਿੱਚ ਜੋੜ ਕੇ ਵਿਅਕਤੀ ਦੀ ਸਮਝ ਨੂੰ ਪ੍ਰਭਾਵਿਤ ਕਰਨਾ ਸ਼ਾਮਲ ਹੈ। ਸਾਡੇ ਸਾਹਮਣੇ ਚੁਣੌਤੀ ਹੈ ਕਿ ਮੀਡੀਆ ਜਿਸ ਦਾ ਕੰਮ ਹੈ ਲੋਕਾਂ ਨੂੰ ਸ਼ਾਂਤੀ ਤੇ ਮੇਲ-ਮਿਲਾਪ ਨਾਲ ਰਹਿਣ ਵੱਲ ਨੂੰ ਪ੍ਰੇਰਿਤ ਕਰਨਾ, ਜਦ ਵਪਾਰਕ, ਸਿਆਸੀ ਤੇ ਨਿੱਜੀ ਹਿਤਾਂ ਵਾਸਤੇ ਲੋਕਾਂ ਵਿੱਚ ਵੰਡੀਆਂ ਪਾਕੇ ਅਸ਼ਾਂਤੀ ਫੈਲਾਉਣ ਵਾਲਾ ਬਣ ਜਾਂਦਾ ਹੈ ਤਾਂ ਉਸ ਦਾ ਮੁਕਾਬਲਾ ਕਿਵੇਂ ਕਰਨਾ ਹੈ। ਅਮਰੀਕਾ ਵਿੱਚ ਕਾਲੇ ਗੋਰੇ ਦਾ ਝਗੜਾ ਭਾਰਤ ਵਿੱਚ ਧਰਮ ਤੇ ਜਾਤ-ਪਾਤ ਦਾ ਝਗੜਾ ਬਣਾ ਕੇ ਮੀਡੀਆ ਰਾਹੀਂ ਲੋਕਾਂ ਨੂੰ ਲੜਾਉਣ ਦੇ ਰੁਝਾਨ ਦਾ ਮੁਕਾਬਲਾ ਕਰਨਾ ਵੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲੇ ਮੀਡੀਆ ਸਾਹਮਣੇ ਇੱਕ ਚੁਣੌਤੀ ਹੈ ।
    ਇਸ ਦੀ ਪੁਖ਼ਤਾ ਉਦਾਹਰਨ ਹੈ ਕਿ ਸਾਡੇ ਦੇਸ ਵਿੱਚ ਸੁਰੱਖਿਆ ਬਲਾਂ ਬਾਬਤ, ਰਾਸ਼ਟਰ ਬਾਬਤ, ਰਾਸ਼ਟਰ ਵਿਰੋਧੀ ਬਾਬਤ ਮੀਡੀਆ ਰਾਹੀਂ ਅਜਿਹੇ ਚਿੱਤਰ ਸਿਰਜੇ ਗਏ ਹਨ ਕਿ ਸਰਕਾਰ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਫ਼ੈਸਲਿਆਂ ਦੀ ਅਲੋਚਨਾ ਹੀ ਰਾਸ਼ਟਰ ਵਿਰੋਧੀ ਗਰਦਾਨ ਦਿੱਤੀ ਜਾਂਦੀ ਹੈ। ਪਾਕਿਸਤਾਨ ਦਾ ਨਾਮ ਆਉਣ ‘ਤੇ ਹੀ ਪਾਕਿਸਤਾਨ ਪੱਖੀ ਕਹਿਣਾ, ਧਾਰਾ 370 ਅਤੇ 35 ਏ ਬਾਬਤ ਵੱਖਰੇ ਵਿਚਾਰਾਂ ਨੂੰ ਜਾਂ ਮੁਸਲਮਾਨਾਂ ਨਾਲ ਹੋਈ ਜ਼ਿਆਦਤੀ ਨੂੰ ਜਾਂ ਜਮਹੂਰੀ ਹੱਕਾਂ ਦੇ ਘਾਣ ਨੂੰ ਜਾਂ ਦਲਿਤ ਦੀ ਭੀੜ ਤੰਤਰ ਵੱਲੋਂ ਹੱਤਿਆ ਨੂੰ ਤੇ ਜਬਰ-ਜ਼ਿਨਾਹ ਵਰਗੇ ਘਿਣਾਉਣੇ ਜੁਰਮਾਂ ਨੂੰ, ਰਾਸ਼ਟਰਪਤੀ ਦੇ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਮੰਦਰ ਵਿੱਚ ਜਾਣ ਤੋਂ ਰੋਕਣ ਵਰਗੇ ਮਾਮਲਿਆਂ ਦੀ ਅਲੋਚਨਾ ਨੂੰ ਰਾਸ਼ਟਰ ਵਿਰੋਧੀ ਗਰਦਾਨ ਕੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਆਪਣੀ ਮਰਜ਼ੀ ਦੀ ਰਟ ਲਗਵਾ ਦੇਣ ਵਿੱਚ ਸਫਲ ਹੋ ਜਾਣਾ ਹੈ, ਮੀਡੀਆ ਦੀ ਕਲਾ ਤੇ ਸੱਤਾ ਦੀ ਤਾਕਤ। ਗੈਰ-ਸੰਵਿਧਾਨਕ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਰਾਸ਼ਟਰ ਵਿਰੋਧੀ, ਖ਼ਾਲਿਸਤਾਨੀ, ਵੱਖਵਾਦੀ, ਨਕਸਲਾਈਟ, ਅੱਤਵਾਦੀ ਗਰਦਾਨਣ ਦੇ ਹਰਬੇ ਵੀ ਇਸੇ ਦਿਸ਼ਾ ਵਿੱਚ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਦੇ ਸਭ ਕੁੱਝ ਵੇਚਣ ਦੇ ਬਾਵਜੂਦ, ਮੀਡੀਆ ਉੱਪਰ ਵੀ ਵੱਡੇ ਹਮਲੇ ਹੋਣ ਦੇ ਬਾਵਜੂਦ, ਮੀਡੀਆ ਰਾਹੀਂ ਸੁਰਖ਼ੀਆਂ ਸੱਤਾਧਾਰੀ ਵਰਗ ਦੀ ਮਰਜ਼ੀ ਦੀਆਂ ਹੀ ਬਣਦੀਆਂ ਹਨ। ਜਰਨਲਿਸਟਾਂ ਦੀ ਨੌਕਰੀ ਜਾਂ ਮੀਡੀਆ ਦਾ ਚੱਲਣਾ , ਬਹੁਤ ਵੱਡੇ ਦਬਾਅ ਹੇਠ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਮੈਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆਈ ਜਦ ਮੈਂ ਸੁਣਿਆ ਕਿ ਇਸ ਜਥੇਬੰਦੀ ਦੇ ਰਾਸ਼ਟਰੀ ਨੁਮਾਇੰਦਿਆਂ ਨੇ ਜੰਮੂ-ਕਸ਼ਮੀਰ ਵਿੱਚ ਜਾ ਕੇ ਉੱਥੋਂ ਦੇ ਜਰਨਲਿਸਟਾਂ ਦੀ ਗੱਲ ਸੁਣੀ ਅਤੇ ਪ੍ਰਸ਼ਾਸਨ ਨਾਲ ਵੀ ਅੱਖ ਵਿੱਚ ਅੱਖ ਪਾਕੇ ਗੱਲ ਕੀਤੀ। ਕਈ ਮਸਲੇ ਸੁਲਝਾਉਣ ਵਾਸਤੇ ਪ੍ਰਸ਼ਾਸਨ ਨੂੰ ਮਜਬੂਰ ਵੀ ਕੀਤਾ। ਇਸੇ ਤਰ੍ਹਾਂ ਇਨ੍ਹਾਂ ਦੇ ਇੱਕ ਵਫ਼ਦ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਗੱਲ ਵੀ ਸੁਣੀ ਅਤੇ ਸਹੀ ਦਸ਼ਾ ਦੇਸ਼ ਵਿਦੇਸ਼ ਤੱਕ ਪਹੁੰਚਾਈ ! ਸੱਚ ਮੁਚ ਪ੍ਰੇਮ ਖੇਲ੍ਹਣ ਕਾ ਚਾਉ ਕਾਰਨ ਸੀਸ ਤਲੀ ‘ਤੇ ਧਰ ਕੇ ਉਨ੍ਹਾਂ ਪੀੜਤਾਂ ਦੀ ਗਲੀ ਵਿੱਚ ਗਏ !
    ਇਹ ਵੀ ਸੱਚ ਹੈ ਕਿ ਕਿਸੇ ਮਾਮਲੇ ‘ਤੇ ਰਾਏ ਬਣਾਉਣ ਦਾ, ਸਮਝ ਬਣਾਉਣ ਦਾ ਤੇ ਫ਼ੈਸਲੇ ਕਰਨ ਦਾ ਕੰਮ ਵੀ ਮੀਡੀਆ ਹੀ ਕਰਵਾਉਂਦਾ ਹੈ। ਪਰ ਬਹੁਤ ਹੀ ਅਛੋਪਲ਼ੇ ਜਿਹੇ! ਮੀਡੀਆ ਨੇ ਜਮਹੂਰੀਅਤ ‘ਤੇ ਨਿਗ੍ਹਾ ਰੱਖ ਕੇ ਇਸ ਦੀ ਰਾਖੀ ਦਾ ਸਾਧਨ ਬਣਨਾ ਹੈ, ਪਰ ਅੱਜ ਤਾਂ ਹਕੀਕਤ ਇਹ ਹੈ ਕਿ ਜਿਸ ਕਿਸੇ ਦੀ ਮੁੱਠੀ (ਕੰਟਰੋਲ) ਵਿੱਚ ਮੀਡੀਆ ਹੈ ਉਸੇ ਦੀ ਮੁੱਠੀ ਵਿੱਚ ਨੇ ਲੁਕਾਈ ਦੇ ਦਿਮਾਗ਼, ਸੋਚ ਤੇ ਸੰਕਲਪ ! ਅਜੋਕੇ ਪ੍ਰਿੰਟ, ਟੀਵੀ ਅਤੇ ਸੈੱਲ ਫ਼ੋਨ ਮੀਡੀਆ ਦੇ ਪ੍ਰਮੁੱਖ ਸਰੋਤ ਬਹੁਤੇ ਵਾਰੀ ਤੁਹਾਡੇ ਸਮੇਂ ਨੂੰ, ਸਾਧਨਾਂ ਨੂੰ, ਵਿਚਾਰਾਂ ਨੂੰ ਤੇ ਨਿਰਨਿਆਂ ਨੂੰ ਕੰਟਰੋਲ ਕਰਦੇ ਨੇ ਕਿਉਂਕਿ ਨਵੀਂ ਸਿਰਜੀ ਨਿੱਜਵਾਦੀ ਪਹੁੰਚ ਅਤੇ ਵਿਅਕਤੀਗਤ ਜੀਵਣ-ਸ਼ੈਲੀ ਦੇ ਕਾਲ ਨੇ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ! ਇਸੇ ਇਕੱਲਾਪਣ ਦੀ ਜੀਵਣ ਸ਼ੈਲੀ ਕਾਰਨ ਮੀਡੀਆ ਸਮਾਜ ਦਾ ਦਰਪਣ ਬਣ ਗਿਆ ! ਬੇਸ਼ੱਕ ਬਹੁਤ ਸਾਰੀ ਸਹੀ ਸੂਚਨਾ ਤੇ ਜਾਣਕਾਰੀ ਵੀ ਮੀਡੀਆ ਰਾਹੀਂ ਹੀ ਲੋਕਾਂ ਤੱਕ ਪਹੁੰਚਦੀ ਹੈ। ਪਰ ਇਹ ਵੀ ਹਕੀਕਤ ਹੈ ਕਿ ਇਸੇ ਮੀਡੀਆ ਰਾਹੀਂ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਰਾਹੀਂ, ਅਫ਼ਵਾਹਾਂ ਖ਼ਬਰਾਂ ਦੇ ਰੂਪ ਵਿੱਚ ਫੈਲਾਈਆਂ ਜਾਂਦੀਆਂ ਹਨ। ਸਿਆਸੀ ਪਾਰਟੀਆਂ ਤੇ ਉਨ੍ਹਾਂ ਨਾਲ ਜੁੜੀਆਂ ਧਿਰਾਂ ਨੇ ਮੀਡੀਆ ਸੈੱਲ ਦੀ ਥਾਂ ਆਈਟੀ ਸੈੱਲ ਬਣਾਏ ਹੋਏ ਹਨ ਜੋ ਝੂਠੀਆਂ ਖ਼ਬਰਾਂ ਫੇਸਬੁੱਕ, ਵਟ੍ਹਸਐਪ ਤੇ ਟਵਿੱਟਰ ਰਾਹੀਂ ਫੈਲਾਉਂਦੇ ਹਨ, ਦੰਗੇ ਕਰਵਾਉਂਦੇ ਹਨ, ਕਤਲ ਕਰਵਾਉਂਦੇ ਹਨ, ਵਿਰੋਧੀਆਂ ਦੀ ਪ੍ਰਤਿਭਾ ਨਾਸ ਕਰਨ ਦਾ ਕੰਮ ਕਰਦੇ ਹਨ। ਮੀਡੀਆ ਲੋਕਾਂ ਦੇ ਦਿਮਾਗਾਂ ‘ਤੇ ਰਾਜ ਕਰਦਾ ਹੈ, ਜਿਸ ਨਾਲ ਉਹ ਨਿਰਦੋਸ਼ਾਂ ਨੂੰ ਦੋਸ਼ੀ ਤੇ ਦੋਸ਼ੀਆਂ ਨੂੰ ਨਿਰਦੋਸ਼ ਸਾਬਤ ਕਰ ਦਿੰਦੇ ਹਨ ! ਇਸੇ ਕਾਰਨ ਮੀਡੀਆ ਕੋਲ ਤਾਕਤ ਹੈ ਕਿਸੇ ਵੀ ਵਿਅਕਤੀ, ਪਾਰਟੀ, ਸੰਸਥਾ ਜਾਂ ਜਥੇਬੰਦੀ ਦੇ ਉਪਾਸ਼ਕਾਂ ਦੀ ਫ਼ੌਜ ਖੜ੍ਹੀ ਕਰਨ ਦੀ ਜਾਂ ਢਾਹ ਢੇਰੀ ਕਰਨ ਦੀ। ਅੱਤਵਾਦੀ ਵੀ ਨਾਮ ਅਤੇ ਮਸ਼ਹੂਰੀ ਵਾਸਤੇ ਮੀਡੀਆ ‘ਤੇ ਧਨ ਦੀ ਵਰਖਾ ਕਰਦੇ ਹਨ। ਵਿਦਵਾਨਾਂ ਦਾ ਮੱਤ ਹੈ (ਸੈਮੂਅਲ ਪੀ ਹੁਟਿੰਗਟਨ) ਕਿ ਸਭਿਅਤਾਵਾਂ ਦੇ ਭੇੜ ਦੀ ਜੰਗ ਅਗਲੀ ਨਸਲ ਮੀਡੀਆ ਰਾਹੀਂ ਹੀ ਲੜੇਗੀ। ਝੂਠ ਅਤੇ ਗ਼ਲਤ ਬਿਆਨੀ ਦੇ, ਅਫ਼ਵਾਹਾਂ ਦੇ, ਫ਼ਿਰਕਾਪ੍ਰਸਤੀ ਦੇ ਅਤੇ ਹਿੰਸਾ ਦੇ ਸਹਾਰੇ ਚੱਲਣ ਵਾਲਾ ਮੀਡੀਆ ਦੇਸ਼ ਲਈ ਤੇ ਲੋਕਾਂ ਲਈ ਕੈਂਸਰ ਰੋਗ ਬਣ ਰਿਹਾ ਹੈ। ਸਾਡੇ ਸਾਹਮਣੇ ਦਿਓ ਕੱਦ ਕਾਰਜ ਹੈ ਅਜਿਹੇ ਰੁਝਾਨਾਂ ਦੀ ਚੁਣੌਤੀ ਦਾ ਸਾਹਮਣਾ ਕਰਕੇ ਮੀਡੀਆ ਨੂੰ ਚੰਗੇ ਪਾਸੇ ਇਸ ਦੀ ਹਕੀਕੀ ਭੂਮਿਕਾ ਵੱਲ ਮੋੜਾ ਦੇਣ ਦਾ, ਸਹੀ ਸੂਚਨਾ, ਚੇਤਨਾ, ਸ਼ਾਂਤੀ ਦੇ ਸੰਦੇਸ਼, ਪਿਆਰ ਤੇ ਭਾਈਚਾਰੇ ਦੇ ਰਾਹੀਂ ਕੌਮ ਤੇ ਦੇਸ਼ ਨੂੰ ਚਮਕਾਉਣ ਵਾਸਤੇ ਮੀਡੀਆ ਦੀ ਵਰਤੋਂ ਕਰਨ ਦੇ ਤੌਰ ਤਰੀਕੇ ਅਜੋਕੇ ਸੰਦਰਭ ਵਿੱਚ ਤਲਾਸ਼ਣ ਦਾ ਤੇ ਲਾਗੂ ਕਰਨ ਦਾ !
    ਮੀਡੀਆ ਉਹੀ ਸਮਗਰੀ ਤਿਆਰ ਕਰਦਾ ਹੈ ਜਿਹੜੀ ਉਹ ਲੋਕਾਂ ਨੂੰ ਪਰੋਸ ਕੇ ਦੇਣੀ ਚਾਹੁੰਦਾ ਹੈ ਜਾਂ ਜਿਸ ਦੀ ਲੋਕ ਮੰਗ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ ਵਿਆਪੀ ਵੱਡਾ ਮੀਡੀਆ ਕਿਸੇ ਮੁੱਦੇ ਉੱਪਰ ਲੋਕਾਂ ਨੂੰ ਖ਼ਬਰਾਂ, ਬਹਿਸਾਂ ਅਤੇ ਵਿਚਾਰਾਂ ਦੇ ਰੂਪ ਵਿੱਚ ਉਹੀ ਕੁੱਝ ਪਰੋਸ ਰਿਹਾ ਹੈ, ਜਿਹੜਾ ਇਹ ਚਾਹੁੰਦਾ ਹੈ ਅਤੇ ਲੋਕਾਂ ਦੀ ਰਾਇ ਆਪਣੀ ਮਨ ਮਰਜ਼ੀ ਵਾਲੀ ਬਣਾਉਂਦਾ ਹੈ। ਇਸੇ ਤਰ੍ਹਾਂ ਉਹ ਮਨੋਰੰਜਨ ਦੇ ਅਤੇ ਪ੍ਰਸ਼ਨ ਉੱਤਰ ਦੇ ਅਜਿਹੇ ਪ੍ਰੋਗਰਾਮ ਪੇਸ਼ ਕਰਦਾ ਹੈ ਜਿਹੋ ਜਿਹੀ ਮਾਨਸਿਕਤਾ ਉਹ ਲੋਕਾਂ ਦੀ ਬਣਾਉਣੀ ਚਾਹੁੰਦਾ ਹੈ। ਅਜੋਕੇ ਸਮਾਜ ਵਿੱਚ ਸਾਨੂੰ ਇਸ ਚੁਣੌਤੀ ਦਾ ਵੀ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਕਿ ਮੀਡੀਆ ਉਪਰੋਕਤ ਫੁੱਟਪਾਊ ਤੇ ਗੰਦੀ ਮਾਨਸਿਕਤਾ ਸਿਰਜਣ ਦੀ ਥਾਂ ਸੂਚਨਾ, ਸਿੱਖਿਆ, ਸਿਹਤ ਮਨ-ਪਰਚਾਵੇ, ਵਿਕਾਸ ਅਤੇ ਸਮਾਜ ਦੇ ਵੱਖ ਵੱਖ ਅੰਗਾਂ ਨੂੰ ਜੋੜਨ ਦੀਆਂ ਜਾਣਕਾਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕਾਰਜ ਕਰੇ ! ਪੰਜਾਬੀ ਮੀਡੀਆ ਕਾਫ਼ੀ ਹੱਦ ਤੱਕ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰ ਰਿਹਾ ਹੈ।
    ਚੁਣੌਤੀਆਂ ਦੇ ਮੁਕਾਬਲੇ ਵਾਸਤੇ ਸਾਨੂੰ ਮੀਡੀਆ ਦੇ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੀ ਲੋੜ ਹੈ। ਇਹ ਜਾਣਕਾਰੀ ਸਾਨੂੰ ਅਗਲੇ ਬਦਲਾਅ, ਵਰਤਮਾਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਦੁਸ਼ਵਾਰੀਆਂ, ਦੁੱਖ ਤਕਲੀਫ਼ਾਂ ਆਦਿ ਬਾਬਤ ਸਾਬਤ ਕਦਮੀ ਨਾਲ ਤਿਆਰ ਰਹਿਣ ਵਾਸਤੇ ਅਤੇ ਨਵੀਆਂ ਨਾਸਾਜ਼ਗਾਰ ਹਾਲਤਾਂ ਵਿੱਚ ਕੰਮ ਕਰਨ ਵਾਸਤੇ ਮਾਨਸਿਕ, ਸਰੀਰਕ ਤੇ ਬੌਧਿਕ ਤੋਰ ‘ਤੇ ਤਿਆਰ ਹੋਣ ਲਈ ਪ੍ਰੇਰਦੀ ਹੈ। ਸਾਡਾ ਸਹਾਰਾ ਬਣਦੀ ਹੈ ਤਾਂ ਕਿ ਸਾਡਾ ਸਿਦਕ, ਸਿਰੜ, ਸਬਰ, ਸੰਤੋਖ ਅਤੇ ਸਾਬਤ ਕਦਮੀ ਬਣੇ ਰਹਿਣ ! ਇਸ ਲਈ ਇਸ ਪੱਖ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
    ਇਹ ਵੀ ਇੱਕ ਦੁਖਾਂਤ ਹੈ ਕਿ ਵਰਤਮਾਨ ਵਿੱਚ ਮੀਡੀਆ ਜਾਂ ਮੀਡੀਆ ਕਰਮੀਂ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਆਪਣੀ ਮਨ ਮਰਜ਼ੀ ਦੇ ਸਿਆਸਤਦਾਨ ਦਾ ਅਕਸ ਸਾਫ਼ ਸੁਥਰਾ ਅਤੇ ਆਪਣੀ ਨਾ ਪਸੰਦਗੀ ਵਾਲੇ ਦਾ ਧੁੰਦਲਾ ਵਿਖਾਉਣ ਲਈ ਟਿੱਲ ਦਾ ਜ਼ੋਰ ਲਗਾ ਦਿੰਦਾ ਹੈ। ਇਸੇ ਕਰ ਕੇ ਅੱਜ ਨਾਗਰਿਕਾਂ ਨੂੰ ਮੀਡੀਆ ਵੱਲੋਂ ਸਿਰਜੇ ਗਏ ਨਾਇਕਾਂ ਉੱਪਰ ਸ਼ੱਕ ਹੋਣ ਲੱਗ ਗਿਆ ਹੈ। ਪਰ ਸਾਡੀ ਲੋੜ ਹੈ ਇਸ ਦਾ ਡਟ ਕੇ ਮੁਕਾਬਲਾ ਕਰਨ ਦੀ। ਜਮਹੂਰੀ ਸ਼ਾਸਨ ਪ੍ਰਣਾਲੀ ਵਾਲੇ ਦੇਸਾਂ ਵਿੱਚ ਚੁਣੇ ਹੋਏ, ਚੁਣੇ ਜਾਣ ਵਾਲਿਆਂ ਬਾਬਤ ਸਹੀ ਤੱਥ ਬਿਆਨ ਕਰ ਕੇ, ਉਨ੍ਹਾਂ ਦੀ ਕਾਰਗੁਜ਼ਾਰੀ, ਕਾਰਜਕੁਸ਼ਲਤਾ, ਗਿਆਨ, ਸਮਰਪਣ, ਵਿਚਾਰਧਾਰਾ ਅਤੇ ਵਿਵਹਾਰ ਦੀ ਦੀ ਸਹੀ ਤਸਵੀਰ ਪੇਸ਼ ਕਰ ਕੇ ਮਤਦਾਤਾ ਨੂੰ ਸਹੀ ਚੋਣ ਕਰਨ ਵਿੱਚ ਸਹਾਇਤਾ ਕਰਦਾ ਹੈ ਤਾਂ ਕਿ ਇਮਾਨਦਾਰ ਅਤੇ ਸਿਆਸਤ ਦੇ ਯੋਗ ਉਮੀਦਵਾਰਾਂ ਦੀ ਉਹ ਚੋਣ ਕਰ ਸਕੇ। ਮੀਡੀਆ ਰਾਹੀਂ ਘੜੀ ਜਾਂਦੀ ਲੋਕ ਮਰਜ਼ੀ ਦੇ ਸਹਾਰੇ ਹੀ ਤਾਂ ਪੀਕੇ , ਸੀਕੇ ਜਾਂ ਕੋਈ ਜੀਕੇ ਮਸ਼ਹੂਰ ਹੁੰਦੇ ਹਨ ।
    ਮੀਡੀਆ ਕਿਸੇ ਦੇ ਮਾੜੇ ਚੰਗੇ ਕੰਮਾਂ ਬਾਬਤ ਸਮਗਰੀ ਪਾਠਕਾਂ ਨੂੰ ਪਰੋਸਦਾ ਹੈ। ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਕਾਰਜਕੁਸ਼ਲਤਾ, ਇਮਾਨਦਾਰੀ ਤੇ ਨਿਸ਼ਠਾ ਬਾਬਤ ਵੀ ਸਮਗਰੀ ਪੇਸ਼ ਕਰਦਾ ਹੈ। ਸਮਾਜ ਵਿੱਚ ਚੱਲ ਰਹੀਆਂ ਗੰਭੀਰ ਸਮੱਸਿਆਵਾਂ ਉੱਪਰ ਉਂਗਲ ਧਰਦਾ ਹੈ, ਸਮੱਸਿਆਵਾਂ ਦੇ ਹੱਲ ਲਈ ਸੂਚਨਾ ਤੇ ਚੱਲ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿੰਦਾ ਹੈ। ਵੱਖ ਵੱਖ ਲਹਿਰਾਂ ਨੂੰ ਵਿਸ਼ਾਲ ਬਣਾਉਣ ਵਿੱਚ ਅਤੇ ਉਨ੍ਹਾਂ ਦੇ ਚੰਗੇ ਮੰਦੇ ਪਾਸੇ ਦਰਸਾਉਣ ਵਿੱਚ ਮੀਡੀਆ ਦੀ ਵੱਡੀ ਭੂਮਿਕਾ ਹੈ। ਪਰ ਛੋਟੇ ਜਿਹੇ ਅੰਨਾ ਅੰਦੋਲਨ ਨੂੰ ਬਹੁਤ ਹੀ ਵੱਡਾ ਬਣਾ ਕੇ ਪੇਸ਼ ਕਰਨ ਦੇ, ਉਸ ਤੋਂ ਬਾਅਦ ਉਸ ਦੀ ਚੁੱਪੀ ‘ਤੇ, ਕਿਸਾਨ ਅੰਦੋਲਨ ਦੀ ਵਿਸ਼ਾਲਤਾ ‘ਤੇ ਅਤੇ ਉਸ ਵਿੱਚ ਹੋਈਆਂ ਨਿੱਕੀਆਂ ਵੱਡੀਆਂ ਸਮੱਸਿਆਵਾਂ ਉੱਪਰ ਜਾਂ ਵਿਰੋਧੀ ਅਨਸਰਾਂ ਵੱਲੋਂ ਕੀਤੀਆਂ ਲਗਾਤਾਰ ਤੋੜ ਭੰਨ ਦੀਆਂ ਕਾਰਵਾਈਆਂ ਉੱਪਰ ਮੀਡੀਆ ਨੇ ਆਪਣਾ ਰੰਗ ਵਿਖਾ ਹੀ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬੀ ਦਾ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਛੋਟਾ ਮੀਡੀਆ ਲਗਾਤਾਰ ਸੱਚ ਪਰੋਸਣ ਦੀ ਕੋਸ਼ਿਸ਼ ਵਿੱਚ ਲੱਗਿਆ ਰਿਹਾ ਹੈ। ਬਹੁਤ ਹੀ ਨਿਗੂਣੀ ਗਿਣਤੀ ਵਿੱਚ ਛਪਾਈ ਮੀਡੀਆ ਤੋਂ ਸਿਵਾਏ, ਗੈਰ ਪੰਜਾਬੀ ਛਪਾਈ ਮੀਡੀਆ ਵਿਸ਼ੇਸ਼ ਕਰਕੇ ਅੰਗਰੇਜ਼ੀ ਮੀਡੀਆ ਨੇ ਵੀ ਜੋ ਕੀਤਾ ਸਾਡੇ ਸਾਹਮਣੇ ਹੈ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਵਿਦਰੋਹ ਦੇ ਜ਼ਰੀਏ, ਬਦਲਾਅ ਦੇ ਸਮਿਆਂ ਵਿੱਚ ਮੀਡੀਆ ਦਾ ਵੱਡਾ ਹਿੱਸਾ ਬਦਲਾਅ ਲਈ ਲੁਕਾਈ ਦੇ ਨਾਲ ਰਿਹਾ ਹੈ। ਲੋਕ ਆਪਣੀ ਚੋਣ ਖ਼ੁਦ ਕਰਨ ਲੱਗ ਗਏ ਹਨ ਕਿ ਉਨ੍ਹਾਂ ਨੇ ਕੀ ਵੇਖਣਾ ਹੈ ਤੇ ਕੀ ਸੁਣਨਾ ਹੈ।
    ਸਰਕਾਰ ਵੱਲੋਂ ਸੰਸਥਾਗਤ ਢਾਂਚੇ ਨੂੰ ਤੋੜਨਾ, ਸੰਵਿਧਾਨ ਅਤੇ ਮਰਿਆਦਾ ਦਾ ਉਲੰਘਣ, ਬਿਨਾ ਸੈਂਸਰਸ਼ਿਪ ਦੇ ਸਖ਼ਤ ਸੈਂਸਰਸ਼ਿਪ, ਸੂਬਿਆਂ ਦੇ ਅਧਿਕਾਰਾਂ ‘ਤੇ ਹਮਲਾ, ਹੱਦਾਂ ਬੰਨੇ ਟੱਪਦਾ ਭ੍ਰਿਸ਼ਟਾਚਾਰ, ਜਮਹੂਰੀ ਹੱਕਾਂ ‘ਤੇ ਹਮਲੇ, ਫ਼ਿਰਕਾਪ੍ਰਸਤੀ ‘ਤੇ ਟੇਕ, ਭੀੜ ਤੰਤਰ ਮਾਨਸਿਕਤਾ ਦੀ ਸਿਰਜਨਾ, ਜਨਤਕ ਤੌਰ ‘ਤੇ ਗੈਰ ਵਿਗਿਆਨਕ ਕਾਰਵਾਈਆਂ ਆਦਿ ਮੀਡੀਆ ਦੀ ਸਵਤੰਤਰਤਾ, ਨਿਰਪੱਖਤਾ ‘ਤੇ ਨਿਰਭੈਤਾ ਲਈ ਵੀ ਮਾਰੂ ਹਨ। ਅਖ਼ਬਾਰਾਂ ਵਿੱਚ ਲੋਕਾਂ ਦੇ ਮੁੱਦੇ ਕੇਂਦਰਿਤ ਕਰਦੀਆਂ ਜਾਂ ਸਰਕਾਰਾਂ ਦੀ ਨਾਲਾਇਕੀ ਦਰਸਾਉਂਦੀਆਂ ਲਿਖਤਾਂ ਘਟ ਰਹੀਆਂ ਹਨ ਪਰ ਚਿਹਰੇ ਚਮਕਾਉਣ ਦੀਆਂ ਲਿਖਤਾਂ ਵੱਧ ਰਹੀਆਂ ਹਨ। ਰੁਜ਼ਗਾਰ ਬਾਬਤ, ਵਾਤਾਵਰਣ ਦੇ ਨਿਘਾਰ ਬਾਬਤ, ਰਾਜ ਦੇ ਵਿੱਤ ਦੇ ਮਾੜੇ ਪ੍ਰਬੰਧ ਬਾਬਤ, ਸਦਨਾਂ ਵਿੱਚ ਮੁੱਦਿਆਂ ਉੱਪਰ ਚਰਚਾ ਨਾ ਹੋਣ ਬਾਬਤ, ਸਿੱਖਿਆ ਤੇ ਸਿਹਤ ਦੇ ਸੁਧਾਰ ਵੱਲ ਕੀਤੇ ਜਾਣ ਵਾਲੇ ਯਤਨਾਂ ਬਾਬਤ, ਖੇਤੀ ਕਿਸਾਨੀ ਤੇ ਦਲਿਤਾਂ ਦੇ ਸੁਧਾਰ ਬਾਬਤ, ਵਪਾਰੀਆਂ ਤੇ ਕਾਰਖ਼ਾਨੇਦਾਰਾਂ ਦੇ ਦੁੱਖਾਂ ਬਾਬਤ ਬਹੁਤ ਘੱਟ ਛਪਦਾ ਤੇ ਬੋਲਿਆ ਜਾਂਦਾ ਹੈ। ਮੁੱਦੇ ਦੀ ਥਾਂ ਘਟਨਾ ਅਤੇ ਦੋਸ਼ ਦੇਣ ਦੀਆਂ ਸਨਸਨੀਖ਼ੇਜ਼ ਵਾਰਦਾਤਾਂ ਜ਼ਿਆਦਾ ਛਪਦੀਆਂ ਹਨ। ਮੁਨਾਫ਼ਾ ਅਧਾਰਿਤ ਨਿਊਜ਼ ਏਜੰਸੀਆਂ ਦੀ ਥਾਂ ਮੁਨਾਫ਼ਾ ਨਾ ਕਮਾਉਣ ਵਾਲੀਆਂ ਏਜੰਸੀਆਂ ਦੀਆਂ ਖ਼ਬਰਾਂ ਜ਼ਿਆਦਾ ਸੱਚੀਆਂ ਹੁੰਦੀਆਂ ਹਨ। ਇਰਾਕ ਵਿੱਚ ਸਰਵਜਨਕ ਤਬਾਹੀ ਦੇ ਹਥਿਆਰਾਂ ਬਾਬਤ ਖ਼ਬਰ ਮੁਨਾਫ਼ਾ ਅਧਾਰਿਤ ਸਰੋਤਾਂ ਦੀਆਂ ਖ਼ਬਰਾਂ ਵਾਲਿਆਂ ਦੀ ਸੂਚਨਾ ਗੈਰ ਮੁਨਾਫ਼ਾ ਵਾਲੇ ਸਰੋਤਾਂ ਤੋਂ ਖ਼ਬਰਾਂ ਲੈਣ ਵਾਲਿਆਂ ਦੇ ਮੁਕਾਬਲੇ ਤਿੰਨ ਗੁਣਾ ਗ਼ਲਤ ਸੋਚ ਬਣੀ ਸੀ।
    ਰੋਜ਼ਾਨਾ ਅਖ਼ਬਾਰਾਂ ਦੀਆਂ ਹਫ਼ਤਾਵਾਰੀ 23% ਕਹਾਣੀਆਂ ਵਿੱਚ ਤੱਥ ਗ਼ਲਤ ਪਾਏ ਗਏ, 35 % ਵਿੱਚ ਸ਼ਬਦ-ਜੋੜ ਤੇ ਵਿਆਕਰਨੀ ਗ਼ਲਤੀਆਂ ਪਾਈਆਂ ਗਈਆਂ ਤੇ 73% ਬਾਲਗ ਅਮਰੀਕਨਾਂ ਨੂੰ ਅੰਕੜਿਆਂ ਤੇ ਸ਼ੱਕ ਹੈ। ਜਿਨ੍ਹਾਂ ਪਾਠਕਾਂ ਨੇ ਸਬੰਧਿਤ ਘਟਨਾ ਆਪ ਵੇਖੀ ਉਨ੍ਹਾਂ ਵਿੱਚੋਂ ਅੱਧੇ ਕਹਿੰਦੇ ਹਨ ਕਿ ਮੀਡੀਆ ਵਿੱਚ ਗ਼ਲਤ ਬਿਆਨੀ ਸੀ। ਪੰਜਾਬ ਵਿੱਚ ਵੀ ਇਹ ਵਤੀਰਾ ਆਮ ਹੀ ਵੇਖਣ ਵਿੱਚ ਆਇਆ ਹੈ। ਕਾਰਨ ਹਨ ਜ਼ਿਆਦਾ ਕੰਮ, ਸਮੇਂ ਦੀ ਬਹੁਤ ਹੀ ਤੰਗ ਸੀਮਾ ਰੇਖਾ, ਖ਼ਬਰ ਫਾਈਲ ਕਰਨ ਦੀ ਕਾਹਲ, ਸਟਾਫ਼ ਦੀ ਘਾਟ, ਬੇਧਿਆਨੀ, ਅਣਗਹਿਲੀ, ਅਨਾੜੀਪੁਣਾ, ਗਿਆਨ ਦੀ ਘਾਟ, ਮਾੜੀ ਰਿਪੋਰਟਿੰਗ ਤੇ ਐਡਿਟਿੰਗ। ਲੁਟ-ਮਾਰ ਫ਼ਿਰਕੂ ਦੰਗੇ, ਐਕਸੀਡੈਂਟ, ਕਤਲ, ਹਿੰਸਾ, ਜਬਰ-ਜ਼ਿਨਾਹ, ਅੰਦੋਲਨਾਂ ਵਿੱਚ ਤੋੜ-ਭੰਨ ਆਦਿ ਦੀਆਂ ਖ਼ਬਰਾਂ ਚਮਕਾ ਕੇ ਲਗਾਈਆਂ ਜਾਂਦੀਆਂ ਹਨ। ਗੁਮਰਾਹਕੁਨ ਸਿਰਲੇਖ ਤੇ ਸੁਰਖ਼ੀਆਂ ਬਹੁਤ ਵੱਡਾ ਵਰਤਾਰਾ ਬਣ ਗਿਆ ਹੈ। ਡਾਕਟਰਾਂ, ਵਕੀਲਾਂ ਅਤੇ ਮੀਡੀਆ ਕਰਮੀਆਂ ਨੂੰ ਜਿੱਥੇ ਆਪਣਾ ਸਰੋਤ ਜਾਂ ਕਿਸੇ ਦੀ ਕਹੀ ਗੱਲ ਦੱਸਣ ਤੋਂ ਛੋਟ ਹੈ, ਉੱਥੇ ਇਨ੍ਹਾਂ ਵਾਸਤੇ ਨੈਤਿਕਤਾ ਦੇ ਵੀ ਮਾਪਦੰਡ ਹਨ। ਅੱਜ ਦੇ ਭਰਮਾਊ ਸੂਚਨਾ ਦੇ ਯੁੱਗ ਵਿੱਚ ਹਰ ਵਸਤੂ ਦੇ ਵਪਾਰ ਬਣ ਜਾਣ ਦੇ ਯੁੱਗ ਵਿੱਚ ਮੀਡੀਆ ਕਰਮੀਆਂ ਨੂੰ ਉਨ੍ਹਾਂ ਦੇ ਉੱਚ ਅਮਲੇ ਨੂੰ ਤੇ ਮੀਡੀਆ ਹਾਊਸਜ਼ ਨੂੰ ਇਸ ਤੋਂ ਜਿੰਨਾ ਵੀ ਹੋ ਸਕੇ ਗੁਰੇਜ਼ ਕਰਨ ਦੀ ਲੋੜ ਹੈ, ਪਰ ਇਹ ਸਵੈ-ਰੋਕ ਅੱਜ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਹੈ, ਬੁਲਾਰੇ, ਮੀਡੀਆ ਅਤੇ ਪਾਠਕ ਵਿੱਚ ਇੱਕ ਬੇਭਰੋਸਗੀ ਪੈਦਾ ਹੋ ਰਹੀ ਹੈ ਅਤੇ ਸੱਚ ਦਾ ਵਿਸ਼ਵਾਸ ਟੁੱਟ ਰਿਹਾ ਹੈ। ਹੁਣ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਸੂਚਨਾ ਅਖ਼ਬਾਰ ਵਿੱਚ ਲਿਖੀ ਹੈ ਜਾਂ ਬਿਜਲਈ ਮੀਡੀਆ ਵਿੱਚ ਦਰਸਾਈ ਗਈ ਹੈ, ਜਿਸ ਕਰਕੇ ਗ਼ਲਤ ਨਹੀਂ ਹੋ ਸਕਦੀ ! ਕਿਉਂਕਿ ਪਹਿਲ ਕਰਨ ਦੀ ਕਾਹਲੀ ਵਿੱਚ ਜਾਂ ਆਪਣੀ ਦਵੈਤ ਦੀ ਭਾਵਨਾ ਵਿੱਚ ਕਿਸੇ ਦੇ ਵਿਰੁੱਧ ਜਾਂ ਹੱਕ ਵਿੱਚ ਸੁਣੀ ਸੁਣਾਈ ਗੱਲ ਦੇ, ਅਫ਼ਵਾਹ ਦੇ ਆਧਾਰ ‘ਤੇ ਬਿਨਾ ਤਫ਼ਤੀਸ਼ ਖੋਜਬੀਣ ਦੇ ਖ਼ਬਰ ਚਲਾ ਦਿੱਤੀ ਜਾਂਦੀ ਹੈ।
    ਸਰਕਾਰਾਂ ਤੇ ਪਾਰਟੀਆਂ ਹੁਣ ਪਰਿਵਾਰੀ, ਵਪਾਰੀ ਤੇ ਦਰਬਾਰੀ ਬਣ ਗਈਆਂ ਹਨ, ਬਹੁਤ ਸਾਰੇ ਮਾਫ਼ੀਏ ਦੇਸ਼ ਦੀ ਆਰਥਿਕਤਾ, ਸਭਿਆਚਾਰ ਤੇ ਸਰੋਤਾਂ ਨੂੰ ਢਾਅ ਲਗਾ ਰਹੇ ਹਨ। ਅੰਤਾਂ ਦਾ ਭ੍ਰਿਸ਼ਟਾਚਾਰ ਹੈ। ਜਦ ਇਨ੍ਹਾਂ ਨੂੰ ਨੰਗਾ ਕੀਤਾ ਜਾਂਦਾ ਹੈ ਤਾਂ ਪੱਤਰਕਾਰਾਂ ‘ਤੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸਮਾਨੀ ਵੀ ਤੇ ਚਰਿੱਤਰ ਬਾਬਤ ਵੀ। ਉਨ੍ਹਾਂ ਦਾ ਮਨੋਂ ਬਲ ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਸਾਰਿਆਂ ਨੂੰ ਤਾਂ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਂਦਾ ਹੈ। ਗੌਰੀ ਲੰਕੇਸ਼ ਦਾ ਕਤਲ, ਛਤਰਪਤੀ ਦਾ ਕਤਲ ਤੇ ਸਾਡੇ ਆਪਣੇ ਰਾਜ ਵਿੱਚ ਜਲੰਧਰ-ਪਠਾਨਕੋਟ ਸੜਕ ਤੇ ਰੇਤ ਮਾਫ਼ੀਆ ਨੂੰ ਨੰਗਾ ਕਰਨ ਵਾਲੇ ਪੱਤਰਕਾਰ ਦਾ ਐਕਸੀਡੈਂਟ ਵਿੱਚ ਮਾਰਿਆ ਜਾਣਾ ਜਿਸ ਨੂੰ ਮਾਫ਼ੀਆ ਦੀ ਕਾਰਵਾਈ ਹੀ ਕਿਹਾ ਗਿਆ ਹੈ ਸਾਡੇ ਸਾਹਮਣੇ ਹਨ। ਜਦ ਇੱਕ ਮਹਿਲਾ ਪੱਤਰਕਾਰ ਆਧਾਰ ਕਾਰਡ ਡਾਟਾ ਦਾ ਸਕੈਂਡਲ ਨੰਗਾ ਕਰਦੀ ਹੈ ਤਾਂ ਉਸ ਨੂੰ ਧਮਕੀਆਂ ਤੇ ਧਮਕੀਆਂ ! 60% ਜਰਨਲਿਸਟਾਂ ਨੂੰ ਧਮਕੀਆਂ ਜਾਂ ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ ਜਾਂ ਵਟ੍ਹਸਐਪ ‘ਤੇ ਮਿਲੀਆਂ ਅਤੇ ਗਾਲ਼ੀ ਗਲੋਚ ਮੰਦੀ ਭਾਸ਼ਾ ਆਮ ਗੱਲ ਹੀ ਬਣ ਗਈ ਹੈ। ਜਦ ਤੋਂ ਸਿਆਸੀ ਪਾਰਟੀਆਂ ਨੇ ਤੇ ਐਨਜੀਓਜ਼ ਨੇ ਤੇ ਹੋਰ ਸੰਸਥਾਵਾਂ ਨੇ ਆਪਣੇ ਮੀਡੀਆ ਸੈੱਲ ਦੀ ਥਾਂ ਆਈ ਟੀ ਸੈੱਲ ਸਥਾਪਤ ਕੀਤੇ ਹਨ ਉਦੋਂ ਤੋਂ ਇਹ ਮੰਦੀ ਸ਼ਬਦਾਵਲੀ, ਧਮਕੀਆਂ ਅਤੇ ਗਾਲ਼ੀ ਗਲੋਚ ਆਮ ਹੀ ਹੋ ਗਿਆ । ਕਾਤਲਾਂ ਨੂੰ ਕੋਈ ਸਜਾ ਨਾ ਮਿਲਣ ਕਰਕੇ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, 35% ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧਮਕੀਆਂ ਉਨ੍ਹਾਂ ਵੱਲੋਂ ਫਾਈਲ ਕੀਤੀ ਸਟੋਰੀ ਦੇ ਵਿਸ਼ਾ-ਵਸਤੂ ਜਾਂ ਪੇਸ਼ਕਾਰੀ ਦੇ ਢੰਗ ਕਾਰਨ ਮਿਲੀਆਂ। ਸਾਲ 2019 ਦੌਰਾਨ ਮੀਡੀਆ ਦੇ ਕੰਮ ਦੇ ਦੌਰਾਨ ਭਾਰਤੀ ਵਿੱਚ ਚਾਰ ਜਰਨਲਿਸਟਾਂ ਨੂੰ ਮੌਤ ਦੇ ਘਟ ਉਤਾਰ ਦਿੱਤਾ ਗਿਆ। ਜਦਕਿ 1992 ਤੋਂ ਲੈ ਕੇ 27 ਜਰਨਲਿਸਟਾਂ ਦੇ ਕਤਲ ਕੀਤੇ ਗਏ, ਕਿਸੇ ਇੱਕ ਕਾਤਲ ਨੂੰ ਵੀ ਸਜਾ ਨਹੀਂ ਹੋਈ।
    ਕਈ ਮੀਡੀਆ ਸੰਸਥਾਨਾਂ ਵਿੱਚ ਸੁਰੱਖਿਆ ਮਰਿਆਦਾ ਜਾਂ ਤਾਂ ਹੈ ਹੀ ਨਹੀਂ ਜਾਂ ਉਸ ਉੱਪਰ ਅਮਲ ਨਹੀਂ ਹੁੰਦਾ। ਪੰਜਵਾਂ ਹਿੱਸਾ ਮਹਿਲਾ ਪੱਤਰਕਾਰ ਹਨ ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ ਹਨ। ਇਨ੍ਹਾਂ ਨੂੰ ਮਾਨਸਿਕ, ਸਰੀਰਕ, ਪਰਿਵਾਰਕ, ਸਮਾਜਿਕ ਅਤੇ ਆਰਥਕ ਪੀੜਾ ਜਾਂ ਨੁਕਸਾਨ ਸਹਿਣਾ ਪੈਂਦਾ ਹੈ। ਅੱਜ ਦੇ ਦੌਰ ਵਿੱਚ ਲੋਕਾਂ ਦੇ ਮਨਾਂ ਵਿੱਚ ਵਿਚਾਰਧਾਰਾ ਦੇ ਅੰਤਰ ਕਾਰਨ, ਧਰਮ ਦੇ ਅੰਤਰ ਕਾਰਨ ਜਾਂ ਜਾਤ ਦੇ ਅੰਤਰ ਕਾਰਨ, ਸਹਿਣਸ਼ੀਲਤਾ ਘਟਾ ਦਿੱਤੀ ਗਈ ਹੈ ਅਤੇ ਦਿਮਾਗਾਂ ਵਿੱਚ ਘ੍ਰਿਣਾ ਦੇ ਬੰਬ ਫਿੱਟ ਕਰ ਦਿੱਤੇ ਗਏ ਹਨ, ਜਿਸ ਕਰਕੇ ਜਰਨਲਿਸਟਾਂ ਵਿਰੁੱਧ ਵੀ ਹਿੰਸਾ ਵਧ ਰਹੀ ਹੈ। ਸਿਆਸੀ ਪਾਰਟੀਆਂ ਵਿੱਚ ਪਾਟੋ-ਧਾੜ, ਸਤ੍ਹਾ ਦੀ ਦੌੜ ਵਿੱਚ ਹਰ ਹਰਬਾ ਵਰਤਣ ਤੇ ਸਾਮ, ਦਾਮ, ਦੰਡ, ਭੇਦ ਰਾਹੀਂ ਸਤ੍ਹਾ ਹਥਿਆਉਣ ਦੀ ਕਾਹਲੀ ਨੇ ਹਿੰਸਾ ਦੀ ਪ੍ਰਵਿਰਤੀ ਬਹੁਤ ਤੇਜ਼ੀ ਨਾਲ ਵਧਾਈ ਹੈ। ਜਰਨਲਿਸਟਾਂ ਦੇ ਬਚਾਓ ਲਈ ਕਮੇਟੀ (ਸੀਪੀਜੇ) ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਆਫ਼ ਜਰਨਲਿਸਟ (ਆਈ ਐੱਫ ਜੇ) ਦੀਆਂ ਸਰਵੇਖਣ ਰਿਪੋਰਟਾਂ ਦੇ ਅਧਾਰ ਤੇ ਸਿੱਟਾ ਨਿਕਲ ਦਾ ਹੈ ਕਿ ਮੀਡੀਆ ਅਤੇ ਜਰਨਲਿਜ਼ਮ ਵਿੱਚ ਤੱਥਾਂ ਤੇ ਨੈਤਿਕਤਾ ਨੂੰ ਖੋਰਾ, ਧਨ ਦੇ ਬਲ ਖ਼ਬਰਾਂ ਲਗਾਉਣਾ ਜਿੱਥੇ ਇੱਕ ਚੁਣੌਤੀ ਬਣੇ ਹਨ, ਉੱਥੇ ਸਭ ਤੋਂ ਵੱਡੀ ਚੁਣੌਤੀ ਹੈ ਭਾਰਤੀ ਸੰਵਿਧਾਨ ਵਿੱਚ ਦਿੱਤੀ ਵਿਚਾਰਾਂ ਦੀ ਆਜ਼ਾਦੀ ਨੂੰ ਖੋਰਾ ਅਤੇ ਉਸ ਆਜ਼ਾਦੀ ਉੱਪਰ ਹਮਲੇ, ਸਰਕਾਰਾਂ ਦੀ ਅਲੋਚਨਾ ਸਹਿਣ ਕਰਨ ਦੀ ਸ਼ਕਤੀ ਨੂੰ ਖੋਰਾ, ਸ਼ਾਸਕਾਂ ਦੀ ਡਰੀ ਹੋਈ ਮਾਨਸਿਕਤਾ, ਅੰਦਰੂਨੀ ਕਮਜ਼ੋਰੀ, ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਕਿਨਾਰਾ, ਸੰਵਿਧਾਨਕ ਸੰਥਾਵਾਂ ਅਤੇ ਮੰਚਾਂ ਨੂੰ ਖੋਰਾ ਅਤੇ ਉਨ੍ਹਾਂ ਵਿੱਚ ਜਾਣ ਤੋਂ ਕਿਨਾਰਾਕਸ਼ੀ ਦਾ ਰੁਝਾਨ, ਨਿੱਜੀ ਹਿਤਾਂ ਦਾ ਦੇਸ ਦੇ ਹਿਤਾਂ ਤੋਂ ਉੱਪਰ ਰੱਖਿਆ ਜਾਣਾ, ਆਪਣੇ ਆਪ ਤੋਂ ਸਿਵਾਏ ਬਾਕੀਆਂ ਨੂੰ ਬੇਈਮਾਨ ਸਮਝਣ ਦਾ ਰੁਝਾਨ ਇਨ੍ਹਾਂ ਹਿੰਸਕ ਪ੍ਰਵਿਰਤੀਆਂ ਤੇ ਘਟਨਾਵਾਂ ਨੂੰ ਬਲ ਦਿੰਦਾ ਹੈ। ਮੀਡੀਆ ਕਰਮੀਆਂ ਉੱਪਰ ਇਹ ਹਿੰਸਾ ਭੀੜ ਤੰਤਰ ਰਾਹੀਂ ਜਾਂ ਵਿਅਕਤੀਗਤ ਹਮਲਿਆਂ ਰਾਹੀਂ ਕੀਤੀ ਜਾਂਦੀ ਹੈ। ਭਾਰਤ ਵਿੱਚ ਕਤਲ ਕੀਤੇ ਗਏ ਜਰਨਲਿਸਟਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਤੀਸ਼ਤ 56% ਭ੍ਰਿਸ਼ਟਾਚਾਰ ਅਤੇ 56% ਹੀ ਸਿਆਸਤ ਨੂੰ ਕਵਰ ਕਰਨ ਵਾਲਿਆਂ ਦਾ ਹੈ। ਜੁਰਮਾਂ ਦੀ ਦੁਨੀਆ ਨੂੰ ਕਵਰ ਕਰਨ ਵਾਲੇ 33%, ਮਨੁੱਖੀ ਅਧਿਕਾਰਾਂ ਵਾਲੇ 22%, ਸਭਿਆਚਾਰ ਵਾਲੇ 15%, ਬਿਜ਼ਨੈੱਸ ਕਵਰ ਕਰਨ ਵਾਲੇ 11% ਜਦ ਕਿ ਜੰਗ ਨੂੰ ਕਵਰ ਕਰਨ ਵਾਲੇ 4% ਹਨ।
    ਪੁਲਸ ਵੱਲੋਂ ਸਮਰਥਿਤ ਸਮਾਜਿਕ ਏਕਤਾ ਮੰਚ ਜਾਂ ਸਲਵਾ ਜੂਡਮ ਵਰਗੀਆਂ ਜਥੇਬੰਦੀਆਂ ਨਕਸਲੀਆਂ ਦੀਆਂ ਖ਼ਬਰਾਂ ਦੇਣ ਵਾਲੇ ਪੱਤਰਕਾਰਾਂ ‘ਤੇ ਹਮਲੇ ਕਰਦੀਆਂ ਹਨ। ਲੋਕ ਹਿਤ ਦੀਆਂ ਸਟੋਰੀਜ਼ ਫਾਈਲ ਕਰਨ ਵਾਲੀਆਂ ਮਹਿਲਾ ਪੱਤਰਕਾਰਾਂ ਨੂੰ ਗੁੰਡਈ ਧਮਕੀਆਂ ਆਮ ਵਰਤਾਰਾ ਹੈ। ਮੋਦੀ ਰਾਜ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਔਖਾ ਹੋ ਗਿਆ, ਭੀੜ ਤੰਤਰ ਮਾਨਸਿਕਤਾ ਅਤੇ ਸਤ੍ਹਾ ਦੇ ਹੰਕਾਰ ਨੇ ਸਥਿਤੀ ਹੋਰ ਵੀ ਬਦਤਰ ਕਰ ਦਿੱਤੀ ਹੈ। ਜਰਨਲਿਸਟਾਂ ਉੱਪਰ ਹਮਲੇ ਵਧ ਗਏ ਹਨ, ਦਿਹਾਤ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਇਕੱਲੇ-ਦੁਕੱਲੇ ਜਰਨਲਿਸਟ ਵਿਸ਼ੇਸ਼ ਕਰਕੇ ਔਰਤਾਂ ਉੱਪਰ ਹਮਲੇ ਵਧੇ ਹਨ। ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ 2017 ਵਿੱਚ 136 ਤੇ ਆ ਗਿਆ, ਬਰ੍ਹਮਾ ਅਤੇ ਅਫ਼ਗ਼ਾਨਿਸਤਾਨ ਤੋਂ ਵੀ ਨੀਚੇ, ਸੂਚਨਾ ਤਕਨਾਲੋਜੀ ਕਾਨੂੰਨ ਦੀਆਂ ਧਾਰਾਵਾਂ ਨੂੰ ਤਿੰਨ ਹਾਈ ਕੋਰਟਾਂ ਰੱਦ ਕਰ ਚੁੱਕੀਆਂ। ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤੇ ਕਿ ਸਰਕਾਰ ਦੇ ਵਿਰੋਧ ਅਤੇ ਦੇਸ਼ ਧ੍ਰੋਹ ਦਰਮਿਆਨ ਜੋ ਲੀਕ ਹੈ ਉਹ ਮੇਟੀ ਨਾ ਜਾਵੇ ! ਮਾਰਕ ਟੱਲੀ ਅਨੁਸਾਰ ਮੋਦੀ ਅਲੋਚਨਾ ਨਹੀਂ ਸਹਿੰਦਾ ਅਤੇ ਮੀਡੀਆ ਦੇ ਸਾਹਮਣੇ ਵੀ ਨਹੀਂ ਆਉਂਦਾ। ਆਰਐਸਐਸ ਨਾਲ ਜੁੜੇ ਹੋਇਆਂ ਵੱਲੋਂ ਬੱਚਿਆਂ ਦੀ ਤਸਕਰੀ ਦੀ ਰਿਪੋਰਟ ਲਿਖਣ ਵਾਲੀ ਜਰਨਲਿਸਟ ਉੱਪਰ ਫ਼ੌਜਦਾਰੀ ਕੇਸ ਦਰਜ ਕਰ ਦੱਤਾ ਗਿਆ। ਇਹ ਸਭ ਕੁੱਝ ਲੋਕ ਆਵਾਜ਼ ਦਬਾਉਣ ਵਾਸਤੇ ਕੀਤਾ ਜਾ ਰਿਹਾ ਹੈ। ਮੀਡੀਆ ਦੇ ਇਸ਼ਤਿਹਾਰ ਬੰਦ ਕਰਕੇ ਦਬਾਅ ਤਹਿਤ ਜਾਂ ਇਸ਼ਤਿਹਾਰਾਂ ਅਤੇ ਮੁੱਲ ਦੀਆਂ ਖ਼ਬਰਾਂ ਰਾਹੀਂ ਮੀਡੀਆ ਤੋਂ ਮਨ ਮਰਜ਼ੀ ਕਰਵਾਉਣ ਦੇ ਕੋਝੇ ਹੱਥਕੰਡੇ ਅਪਣਾਏ ਜਾਂਦੇ ਹਨ। ਜਰਨਲਿਸਟਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਵਾਇਆ ਜਾਂਦਾ ਹੈ। ਬਹੁਤ ਸਾਰੇ ਤਾਂ ਚੈਨਲ ਹੀ ਕਾਰਪੋਰੇਟਾਂ ਨੇ ਖ਼ਰੀਦ ਲਏ ਹਨ। ਅੱਜ ਲੋੜ ਹੈ ਕਿ ਪਾਠਕ ਖ਼ਬਰਾਂ ਦੀ ਲੋਕ ਪੱਖੀ ਅਵਾਜ਼ ਉਠਾਉਣ ਵਾਲੇ ਮੀਡੀਆ ਨੂੰ ਸਰਕਾਰ ਜਾਂ ਧਨਾਢਾਂ ਉੱਪਰ ਨਿਰਭਰ ਨਾ ਰਹਿਣ ਦੇਵੇ ।
    ਅੱਜ ਦੇ ਸੰਦਰਭ ਵਿੱਚ ਸਾਡੀ ਲੋੜ ਹੈ ਕਿ ਮੀਡੀਆ ਹਾਊਸ ਅਤੇ ਮੀਡੀਆ ਕਰਮੀ ਦਾ ਵਖਰੇਵਾਂ ਕਰੀਏ ! ਮੁਨਾਫ਼ੇ ਵਾਸਤੇ ਮੀਡੀਆ ਤੇ ਗੈਰ ਮੁਨਾਫ਼ਾ ਮੀਡੀਆ ਦਾ ਵਖਰੇਵਾਂ ਕਰੀਏ! ਮੀਡੀਆ ਦੇ ਮਨਮਰਜ਼ੀ ਦੇ ਬਿਰਤਾਂਤ ਸਿਰਜਣ ਦੀ ਪ੍ਰਕਿਰਿਆ ਅਤੇ ਅਮਲ ਨੂੰ ਸਮਝੀਏ। ਮੀਡੀਆ ਰਾਹੀਂ ਸਹਿਮਤੀ ਤਿਆਰ ਕਰਨ ਦੇ ਅਮਲ ਨੂੰ ਪਹਿਚਾਣੀਏ ! ਸੁਰਖ਼ੀਆਂ ਬਣਾਉਣ ਵੇਲੇ, ਇੰਟਰੋ ਵੇਲੇ, ਵਿਸ਼ਾ ਵਸਤੂ ਦੀ ਤਰਤੀਬ ਵੇਲੇ ਅਤੇ ਸਿੱਟਾ ਕੱਢਣ ਵੇਲੇ ਲੋਕ ਵਿਰੋਧੀ ਨਾ ਹੋ ਨਿਬੜੀਏ ! ਮੀਡੀਆ ਕਰਮੀ ਦੀ ਆਜ਼ਾਦੀ ਨੂੰ ਖ਼ਤਮ ਕਰਨ ਵਾਲੀ ਸੋਚ ਨੂੰ ਪਲਨ ਤੋਂ ਰੋਕਣ ਵਾਸਤੇ ਹਰ ਵਕਤ ਯਤਨਸ਼ੀਲ ਰਹੀਏ ! ਨਵਿਆਂ ਨੂੰ ਸਹਿ ਕਰਮੀ ਵਜੋਂ ਸਿਖਲਾਈ ਦੇਈਏ ‘ਤੇ ਨਰੋਈ ਪੱਤਰਕਾਰੀ ਦੇ ਗੁਰ ਦੱਸੀਏ ਕਿਉਂ ਜੋ ਨਵਿਆਂ ਦੀ ਚੋਣ ਅਤੇ ਸਿਖਲਾਈ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ! ਵਿਚਾਰਾਂ ਦੀ ਆਜ਼ਾਦੀ ਤਾਂ ਅੱਜ ਜਰਨਲਿਸਟਾਂ ਦੀ ਵੀ ਨਹੀਂ ਰਹੀ ! ਜਿਸਮਾਨੀ ਹਮਲੇ ਹੋ ਰਹੇ ਹਨ ! ਰੁਜ਼ਗਾਰ ‘ਤੇ ਹਮਲੇ ਹੋ ਰਹੇ ਹਨ। ਤਨਖ਼ਾਹ ‘ਤੇ ਹਮਲੇ ਹੋ ਰਹੇ ਹਨ ! ਇਨ੍ਹਾਂ ਦਾ ਮੁਕਾਬਲਾ ਲੱਗਦੀ ਵਾਹ ਜਥੇਬੰਦਕ ਯਤਨਾਂ ਨਾਲ ਕਰੀਏ ! ਬੇਸ਼ੱਕ ਇਨ੍ਹਾਂ ਹਾਲਤਾਂ ਦਾ ਸਹੀ ਮੁਕਾਬਲਾ ਤਾਂ ਸਮੁੱਚੀ ਜਮਹੂਰੀ ਤੇ ਬਦਲਾਅ ਦੀ ਇੱਕ ਵਿਆਪਕ ਲਹਿਰ ਨਾਲ ਹੀ ਹੋ ਸਕਦਾ ਹੈ, ਪਰ ਫਿਰ ਵੀ ਸਾਨੂੰ ਆਪਣੀਆਂ ਜਥੇਬੰਦੀਆਂ ਰਾਹੀਂ ਵਿਚਾਰਾਂ ਦੇ ਪ੍ਰਗਟਾਵੇ ਦੀ, ਰੁਜ਼ਗਾਰ ਗਰੰਟੀ ਦੀ ਅਤੇ ਗੈਰ ਮੁਨਾਫ਼ਾ ਮੀਡੀਆ ਦੀ ਸਫਲਤਾ ਵਾਸਤੇ ਯਤਨ ਕਰਦੇ ਰਹਿਣ ਦੀ ਲੋੜ ਹੈ। ਸਹਿਕਰਮੀਆਂ ਨਾਲ ਬੇਇਨਸਾਫ਼ੀ ਵਿਰੁੱਧ ਡਟਣ ਦੀ ਕੋਸ਼ਿਸ਼ ਕਰੀਏ। ਏਕਾ, ਜਥੇਬੰਦੀ, ਗਿਆਨ ਅਤੇ ਅਮਲ ਦੀ ਸਾਨ੍ਹ ਹੀ ਸਾਡਾ ਤੇ ਸਮਾਜ ਦਾ ਭਲਾ ਕਰਨ ਵਿੱਚ ਸਹਾਈ ਹੋਣਗੇ!
    ਡਾ. ਪਿਆਰਾ ਲਾਲ ਗਰਗ

Leave a Reply

Your email address will not be published. Required fields are marked *