ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਟੈਲੀਗ੍ਰਾਮ ਮੈਸੇਜਰ ਨੂੰ ਪੱਤਰ ਲਿਖ ਕੇ ਟੈਲੀਗ੍ਰਾਮ ਚੈਨਲ ‘Justice League India’ ਬਾਰੇ ਜਾਣਕਾਰੀ ਮੰਗੀ ਹੈ। ਕੱਲ੍ਹ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ‘ਚ ਸੀਆਰਪੀਐਫ ਸਕੂਲ ਬਾਹਰ ਬਲਾਸਟ ਹੋਇਆ ਸੀ।
ਵਿਸਫੋਟ ਤੋਂ ਬਾਅਦ ਸੀਸੀਟੀਵੀ ਫੁਟੇਜ ਨਾਲ ਘਟਨਾ ‘ਤੇ ਇਕ ਪੋਸਟ ਚੈਨਲ ‘ਤੇ ਸਾਂਝੀ ਕੀਤੀ ਗਈ ਸੀ। ਪੁਲਿਸ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀ ਜਾਣਕਾਰੀ ਮੰਗ ਰਹੀ ਹੈ। ਟੈਲੀਗ੍ਰਾਮ ਨੇ ਹੁਣ ਤਕ ਦਿੱਲੀ ਪੁਲਿਸ ਨੂੰ ਜਵਾਬ ਨਹੀਂ ਦਿੱਤਾ ਹੈ।
ਸੀਸੀਟੀਵੀ ਫੁਟੇਜ ‘ਚ ਇਕ ਸ਼ੱਕੀ ਨੂੰ ਚਿੱਟੀ ਟੀ-ਸ਼ਰਟ ਪਾਈ ਘਟਨਾ ਸਥਾਨ ‘ਤੇ ਦੇਖਿਆ ਗਿਆ ਹੈ। ਧਮਾਕੇ ਦੀ ਇਕ ਰਾਤ ਪਹਿਲਾਂ ਵਿਸਫੋਟ ਵਾਲੀ ਜਗ੍ਹਾ ‘ਤੇ ਹਲਚਲ ਦੇਖੀ ਗਈ ਸੀ।
ਦਿੱਲੀ ਪੁਲਿਸ ਸੂਤਰਾਂ ਅਨੁਸਾਰ ਵਿਸਫੋਟਕ ਨੂੰ ਪੋਲੀਥੀਨ ਬੈਗ ‘ਚ ਲਪੇਟ ਕੇ ਅੱਧੇ ਤੋਂ ਇਕ ਫੁੱਟ ਡੂੰਘੇ ਟੋਏ ‘ਚ ਲਾਇਆ ਗਿਆ ਸੀ। ਬੂਟਾ ਲਾਉਣ ਤੋਂ ਬਾਅਦ ਟੋਏ ਨੂੰ ਕੂੜੇ-ਕਰਕਟ ਨਾਲ ਢੱਕ ਦਿੱਤਾ ਗਿਆ।
ਦਿੱਲੀ ਪੁਲਿਸ ਸੂਤਰਾਂ ਅਨੁਸਾਰ ਜਾਂਚ ਜਾਰੀ ਹੈ ਤੇ ਧਮਾਕੇ ਦੇ ਸਬੰਧ ‘ਚ ਹੁਣ ਤਕ ਕਿਸੇ ਸੰਗਠਨ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਸਾਰੇ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪੁਲਿਸ ਦੀ ਸਾਈਬਰ ਵਿੰਗ ਵੀ ਜਾਂਚ ‘ਚ ਲੱਗੀ ਹੋਈ ਹੈ। ਸਾਈਬਰ ਵਿੰਗ ਨੂੰ ਟੈਲੀਗ੍ਰਾਮ ਤੇ ਸੋਸ਼ਲ ਮੀਡੀਆ ਸਾਈਟਾਂ ਸਰਚ ਕਰਨ ਨੂੰ ਕਿਹਾ ਗਿਆ ਹੈ।