ਚੰਡੀਗੜ੍ਹ : ਪੰਜਾਬ ਵਿਚ ਕਈ ਅਫਸਰ ਸਤਿਕਾਰਯੋਗਾਂ ਨੂੰ ਸਨਮਾਨ ਨਹੀਂ ਦੇ ਰਹੇ ਹਨ। ਵਿਧਾਇਕਾਂ ਦੀਆਂ ਕਈ ਸ਼ਿਕਾਇਤਾਂ ਦੇ ਬਾਵਜੂਦ ਸਥਿਤੀ ਨਹੀਂ ਬਦਲ ਰਹੀ। ਇਸ ਦੌਰਾਨ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਹੁਣ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਅਧਿਕਾਰੀਆਂ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਕਮੇਟੀ ਸਿੱਧੀ ਕਾਰਵਾਈ ਕਰ ਸਕਦੀ ਹੈ। ਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਿਹਾ ਹੈ ਕਿ ਵਿਧਾਇਕਾਂ ਨਾਲ ਪ੍ਰੋਟੋਕੋਲ ਅਨੁਸਾਰ ਵਿਵਹਾਰ ਕੀਤਾ ਜਾਵੇ।
ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਚੇਤਾਵਨੀ ਵੀ ਦਿੱਤੀ ਜਾਵੇ ਕਿ ਜੇਕਰ ਅਧਿਕਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ ਅਤੇ ਵਿਧਾਇਕਾਂ ਦਾ ਸਨਮਾਨ ਨਹੀਂ ਕਰਦਾ ਹੈ ਤਾਂ ਉਸ ਵਿਰੁੱਧ ਵਿਧਾਇਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਚੰਡੀਗੜ੍ਹ ’ਚ ‘ਆਪ’ ਵਿਧਾਇਕ ਇਕ ਉਦਯੋਗਪਤੀ ਨੂੰ ਇਕ ਆਈ. ਏ. ਐੱਸ ਅਧਿਕਾਰੀ ਨੂੰ ਮਿਲਵਾਉਣ ਲੈ ਕੇ ਗਏ ਸਨ। ‘ਆਪ’ ਵਿਧਾਇਕ ਨੇ ਆਈ. ਏ. ਐੱਸ. ਅਧਿਕਾਰੀ ’ਤੇ ਉਨ੍ਹਾਂ ਨੂੰ ਦਫਤਰ ਤੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਸੀ। ਇਸ ਦੌਰਾਨ ਅਧਿਕਾਰੀ ਅਤੇ ਵਿਧਾਇਕ ਵਿਚਾਲੇ ਬਹਿਸ ਵੀ ਹੋਈ ਸੀ। ਵਿਧਾਇਕ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੂੰ ਕੀਤੀ।
ਕਮੇਟੀ ਨੇ ਉਕਤ ਅਧਿਕਾਰੀ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਮਝਦਾ, ਜਿਸ ਕਾਰਨ ਗੱਲਬਾਤ ਦੌਰਾਨ ਇਹ ਗਲਤਫਹਿਮੀ ਹੋਈ। ਇਸ ’ਤੇ ਕਮੇਟੀ ਨੇ ਅਧਿਕਾਰੀ ਨੂੰ ਸ਼ਿਕਾਇਤਕਰਤਾ ਵਿਧਾਇਕ ਨੂੰ ਮਿਲ ਕੇ ਮਾਮਲੇ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਸ ਮਾਮਲੇ ਨੂੰ ਮੁੱਖ ਸਕੱਤਰ ਕੋਲ ਭੇਜਦੇ ਹੋਏ ਇਹ ਸਿਫ਼ਾਰਸ਼ ਕੀਤੀ ਹੈ ਕਿ ਸਾਰੇ ਅਧਿਕਾਰੀ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਮਾਣ-ਸਨਮਾਨ ਦੇਣ ਸੰਬੰਧੀ ਅਤੇ ਉਨ੍ਹਾਂ ਨਾਲ ਦਫਤਰੀ ਡੀਲਿੰਗ ਕਰਨ ਦੇ ਬਾਰੇ ਵਿਚ ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਇਨ-ਬਿਨ ਪਾਲਣਾ ਕਰਨ।