ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ 11 ਅਕਤੂਬਰ ਯਾਨੀ ਬੁੱਧਵਾਰ ਦਪਹਿਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਹੋਣ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਮੌਜੂਦ ਰਹੇ। ਸਮੁੰਦਰ ਤਲ ਤੋਂ ਕਰੀਬ 15,225 ਫੁੱਟ ਦੀ ਉਚਾਈ ‘ਤੇ ਸਥਿਤ ਸਿੱਖ ਆਸਥਾ ਦੇ ਪ੍ਰਮੁੱਖ ਤੀਰਥ ਅਸਥਾਨ ਸ੍ਰੀ ਹਮੇਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਬੁੱਧਵਾਰ ਸਵੇਰੇ ਹੀ ਸ਼ੁਰੂ ਹੋ ਗਈ ਸੀ।
ਸਵੇਰੇ 10 ਵਜੇ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ ਹੀ ਸ੍ਰੀ ਹਮੇਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਆਰੰਭ ਹੋਈ ਸੀ। ਜਿਸਤੋਂ ਬਾਅਦ ਗੁਰਬਾਣੀ, ਸ਼ਬਦ ਕੀਰਤਨ, ਸਾਲ ਦੀ ਅੰਤਿਮ ਅਰਦਾਸ ਅਤੇ ਹੁਕਮਨਾਮਾ ਸਾਹਿਬ ਪੜ੍ਹਿਆ ਗਿਆ। ਇਸਤੋਂ ਬਾਅਦ ਅਖੀਰ ‘ਚ ਪੰਜ ਪਿਆਰਿਆਂ ਅਤੇ ਫੌਜ ਦੇ ਇੰਜੀਨੀਅਰ ਕੋਰ ਦੀ ਬੈਂਡ ਦੀ ਅਗਵਾਈ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚ ਖੰਡ ਨੂੰ ਸੁਸ਼ੋਭਿਤ ਕੀਤਾ ਗਿਆ।
ਇਸਤੋਂ ਬਾਅਦ ਦੁਪਹਿਰ ਨੂੰ 1 ਵਜੇ ਸਰਦੀਆਂ ਦੇ ਮੌਸਮ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ। ਇਸ ਮੌਕੇ ਲਗਭਗ 2500 ਤੋਂ ਵੱਧ ਸੰਗਤਾਂ ਨੇ ਕਿਵਾੜ ਬੰਦ ਹੋਣ ਦੇ ਇਸ ਅਲੌਕਿਕ ਨਜ਼ਾਰੇ ਦਾ ਆਨੰਦ ਮਾਣਿਆ। ਪੁਲਸ ਵੱਲੋਂ ਪਾਵਨ ਨਿਸ਼ਾਨ ਸਾਹਿਬ ਅਤੇ ਕਿਵਾੜ ਬੰਦ ਹੋਣ ਦੇ ਮੌਕੇ ‘ਤੇ ਮੌਜੂਦ ਸਾਰੀਆਂ ਸੰਗਤਾਂ ਨੂੰ ਸੁਰੱਖਿਅਤ ਗੋਵਿੰਦਘਾਟ ਵਿਖੇ ਲਿਆਇਆ ਗਿਆ।
ਦੱਸ ਦੇਈਏ ਕਿ ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿਚ 1 ਲੱਖ 80 ਹਜ਼ਾਰ ਤੋਂ ਵੱਧ ਸੰਗਤਾਂ ਬਰਫ਼ਬਾਰੀ ਅਤੇ ਮੀਂਹ ਵਿਚਕਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਈਆਂ।