ਤਬਾਦਲਿਆਂ ਦਾ ਰਾਹ ਵੇਖ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ


ਜਲੰਧਰ – ਪੰਜਾਬ ’ਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲਿਆਂ ਦਾ ਸਮਾਂ 15 ਜੂਨ ਨੂੰ ਖ਼ਤਮ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਜਲੰਧਰ ਉਪ-ਚੋਣ ਨੂੰ ਵੇਖਦੇ ਹੋਏ ਸੂਬੇ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲਿਆਂ ਦਾ ਸਮਾਂ ਵਧਾ ਕੇ 15 ਜੂਨ ਕਰ ਦਿੱਤਾ ਸੀ।
ਪਿਛਲੇ ਕੁਝ ਦਿਨਾਂ ਤੋਂ ਅਧਿਕਾਰੀ ਤੇ ਮੁਲਾਜ਼ਮ ਆਪੋ-ਆਪਣੇ ਤਬਾਦਲੇ ਕਰਵਾਉਣ ਦੀ ਤਾਕ ਵਿਚ ਇੱਧਰ-ਉੱਧਰ ਘੁੰਮ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਮੰਤਰੀਆਂ ਨੂੰ ਘੱਟ ਤੋਂ ਘੱਟ ਤਬਾਦਲੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਸਿੱਖਿਆ ਵਿਭਾਗ ਨੇ ਤਾਂ ਤਬਾਦਲਿਆਂ ਨੂੰ ਲੈ ਕੇ ਇਕ ਚੰਗੀ ਨੀਤੀ ਅਪਣਾਈ ਸੀ ਅਤੇ ਮੈਰਿਟ ਤੇ ਨਿਰਪੱਖਤਾ ਦੇ ਆਧਾਰ ’ਤੇ ਤਬਾਦਲੇ ਕੀਤੇ ਹਨ। ਸਾਰੇ ਤਬਾਦਲੇ ਆਨਲਾਈਨ ਅਰਜ਼ੀਆਂ ਮੰਗ ਕੇ ਕੀਤੇ ਗਏ ਹਨ।

ਹੋਰ ਸਰਕਾਰੀ ਵਿਭਾਗਾਂ ਵਿਚ ਵੀ ਬੁੱਧਵਾਰ ਤੇ ਵੀਰਵਾਰ ਤਕ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲਿਆਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਅਤੇ ਤਬਾਦਲਿਆਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੇ ਤਬਾਦਲੇ 15 ਜੂਨ ਦੇਰ ਸ਼ਾਮ ਤਕ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਸਰਕਾਰ ਵਲੋਂ ਤਬਾਦਲਿਆਂ ’ਤੇ ਰੋਕ ਲਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਵਿਭਾਗਾਂ ਵਿਚ ਵਾਰ-ਵਾਰ ਤਬਾਦਲੇ ਨਹੀਂ ਕੀਤੇ ਜਾਣੇ ਚਾਹੀਦੇ ਕਿਉਂਕਿ ਇਸ ਨਾਲ ਸਰਕਾਰੀ ਕੰਮ-ਕਾਜ ’ਤੇ ਮਾੜਾ ਅਸਰ ਪੈਂਦਾ ਹੈ। ਜੇ ਸਾਰਾ ਸਾਲ ਹੀ ਤਬਾਦਲੇ ਚੱਲਦੇ ਰਹੇ ਤਾਂ ਇਸ ਨਾਲ ਸਰਕਾਰੀ ਕੰਮ-ਕਾਜ ਪ੍ਰਭਾਵਿਤ ਹੁੰਦਾ ਹੈ। ਤਬਾਦਲਿਆਂ ਦੀ ਤੈਅ ਤਾਰੀਖ਼ ਨਿਕਲਣ ਤੋਂ ਬਾਅਦ ਵਿਭਾਗਾਂ ਦੇ ਮੰਤਰੀਆਂ ਵਲੋਂ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਮੁੱਖ ਮੰਤਰੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਕੀਤੇ ਜਾਣਗੇ।

Leave a Reply

Your email address will not be published. Required fields are marked *