ਚੰਡੀਗੜ੍ਹ – ਜੁਲਾਈ ਮਹੀਨੇ ਦੌਰਾਨ ਪਏ ਭਾਰੀ ਮੀਂਹ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਵੱਡਾ ਧੱਕਾ ਲੱਗਾ ਹੈ। ਪੰਜਾਬ ਦੇ ਕਣਕ-ਝੋਨੇ ਨੇ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲੋੜਾਂ ‘ਚ ਲਗਾਤਾਰ ਯੋਗਦਾਨ ਦਿੱਤਾ ਹੈ ਪਰ ਇਸ ਵਾਰ ਮੀਂਹ ਨਾਲ ਆਏ ਹੜ੍ਹ ਅਤੇ ਕਈ ਜਗ੍ਹਾ ਨਹਿਰਾਂ ‘ਚ ਆਈਆਂ ਤਰੇੜਾਂ ਕਾਰਨ ਪਾਣੀ ਭਰ ਜਾਣ ਨਾਲ ਪੰਜਾਬ ਦਾ ਝੋਨਾ ਕਿਸਾਨ ਸੰਕਟ ‘ਚ ਹੈ। ਉਨ੍ਹਾਂ ਦੀ 60 ਫ਼ੀਸਦੀ ਖ਼ੇਤੀ ਯੋਗ ਜਮੀਨ ਪਾਣੀ ‘ਚ ਡੁੱਬ ਚੁੱਕੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜਿੱਥੇ ਹੜ੍ਹ ਜਾਂ ਪਾਣੀ ਭਰ ਜਾਣ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੋਂ ਹੀ ਝੋਨੇ ਬੀਜਾਈ ‘ਚ ਮੁਸ਼ਕਲ ਆਵੇਗੀ। ਪੰਜਾਬ ‘ਚ ਮੁੱਖ ਤੌਰ ’ਤੇ ਖ਼ਰੀਫ ਸੀਜ਼ਨ ‘ਚ ਚੌਲ, ਮੱਕੀ, ਗੰਨਾ, ਨਰਮਾ-ਕਪਾਹ ਆਦਿ ਦੀ ਖ਼ੇਤੀ ਹੁੰਦੀ ਹੈ ਅਤੇ ਜੋ ਹਾਲਾਤ ਬਣੇ ਹੋਏ ਹਨ, ਉਸ ‘ਚ ਪੰਜਾਬ ‘ਚ ਝੋਨੇ ਦੀ ਫ਼ਸਲ ਦੀ ਪੈਦਾਵਾਰ ਡਿੱਗਣ ਦਾ ਸ਼ੱਕ ਹੈ।
ਜਿਸ ਦਾ ਅਸਰ ਦੇਸ਼ ‘ਚ ਚੌਲਾਂ ਦੀ ਖ਼ਪਤ ’ਤੇ ਸਿੱਧੇ ਤੌਰ ’ਤੇ ਪਵੇਗਾ। ਜ਼ਿਕਰਯੋਗ ਹੈ ਕਿ 2021-22 ਖ਼ਰੀਦ ਸੀਜ਼ਨ ‘ਚ ਪੰਜਾਬ ਨੇ ਕੇਂਦਰੀ ਪੂਲ ‘ਚ 56.81 ਮਿਲੀਅਨ ਟਨ ਦੀ ਕੁੱਲ ਚੌਲਾਂ ਦੀ ਖਰੀਦ ‘ਚ 12.5 ਮਿਲੀਅਨ ਟਨ ਮਤਲਬ 21 ਫ਼ੀਸਦੀ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ। ਪੰਜਾਬ ਦਾ ਖੇਤਰਫਲ 50.33 ਲੱਖ ਹੈਕਟੇਅਰ ਹੈ, ਜਿਸ ਵਿਚੋਂ ਲਗਭਗ 41.27 ਲੱਖ ਹੈਕਟੇਅਰ ਦੀ ਵਰਤੋਂ ਖੇਤੀ ਲਈ ਕੀਤਾ ਜਾਂਦਾ ਹੈ।