ਰੂਪਨਗਰ – ਰੂਪਨਗਰ ਸ਼ਹਿਰ ਦੀ 8 ਸਾਲਾ ਕੁੜੀ ਸਾਨਵੀ ਸੂਦ ਨੇ ਰੂਸ ਦੀ ਸਭ ਤੋਂ ਉਚੀ ਚੋਟੀ ’ਤੇ ਭਾਰਤੀ ਤਿਰੰਗਾ ਲਹਿਰਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ 8 ਸਾਲਾ ਕੁੜੀ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਵਿਖੇ ਪੜ੍ਹਦੀ ਹੈ।
ਸਾਨਵੀ ਨੇ ਆਪਣੇ ਪਿਤਾ ਦੀਪਕ ਸੂਦ ਨਾਲ ਰੂਸ ਵਿਖੇ 24 ਜੁਲਾਈ ਨੂੰ ਆਪਣੀ ਪਹਾੜੀ ਯਾਤਰਾ ਸ਼ੁਰੂ ਕੀਤੀ ਜਿੱਥੇ ਮੌਸਮ ਕਾਫ਼ੀ ਖ਼ਰਾਬ ਸੀ ਅਤੇ ਉਥੋਂ ਦਾ ਤਾਪਮਾਨ ਮਾਈਨਸ 25 ਡਿਗਰੀ ਤੋਂ ਵੀ ਘੱਟ ਸੀ ਪਰ ਸਾਨਵੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੀ ਹੋਈ ਰੂਸ ਦੀ ਸਭ ਤੋਂ ਉੱਚੀ ਚੋਟੀ 5642 ਮੀਟਰ ਮਾਊਂਟ ਇਲਬਰਸ ’ਤੇ ਤਿਰੰਗਾ ਲਹਿਰਾਉਣ ਵਿਚ ਸਫ਼ਲ ਰਹੀ।
ਜ਼ਿਕਰਯੋਗ ਹੈ ਕਿ ਸਾਨਵੀ ਸੂਦ ਬੀਤੇ ਸਾਲ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ 5364 ਕਿਲੋਮੀਟਰ ਦੀ ਉਚਾਈ ’ਤੇ ਇੰਡੀਆ ਦਾ ਤਿਰੰਗਾ ਲਹਿਰਾ ਚੁੱਕੀ ਹੈ। ਸਾਨਵੀ ਨੇ ਇਹ ਮੁਸ਼ਕਿਲ ਭਰਿਆ ਸਫ਼ਰ 12 ਦਿਨ ’ਚ ਪੂਰਾ ਕੀਤਾ ਸੀ। ਸਾਨਵੀ ਨੇ ਉਮਰ ਵਿੱਚ ਭਾਰਤ ਦੀ ਸਭ ਤੋਂ ਛੋਟੀ ਕੁੜੀ ਵੱਲੋਂ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚ ਕੇ ਖ਼ਿਤਾਬ ਆਪਣੇ ਨਾਮ ਕੀਤਾ। ਮਾਊਂਟੇਨੀਅਰ ਸਾਨਵੀ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ ’ਤੇ ਆਪਣੇ ਦਫ਼ਤਰ ਬੁਲਾ ਕੇ ਸਨਮਾਨਤ ਕੀਤਾ ਗਿਆ ਸੀ। ਸਨਮਾਨਤ ਕਰਨ ਮਗਰੋਂ ਭਗਵੰਤ ਮਾਨ ਨੇ ਟਵਿੱਟਰ ‘ਤੇ ਲਿਖਿਆ ਸੀ ਕਿ ਦੇਸ਼ ਦਾ ਮਾਣ ਹੈ ਇਹ ਧੀ। ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਸਰ ਕਰਨਾ…ਉਹ ਵੀ ਤਿੰਨ ਵਾਰ, ਇਹ ਆਸਾਨ ਨਹੀਂ…ਪੂਰੇ ਦੇਸ਼ ਨੂੰ ਸਾਨਵੀ ਸੂਦ ‘ਤੇ ਮਾਣ ਹੈ। ਖ਼ੂਬ ਤਰੱਕੀਆਂ ਕਰੋ।