ਅੰਮ੍ਰਿਤਸਰ (ਬਿਊਰੋ)– ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਵਰੂਪ ਕੁਮਾਰ ਸ਼ਾਹਾ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿਥੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ, ਉਥੇ ਹੀ ਸੂਚਨਾ ਕੇਂਦਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਇਰੈਕਟਰ ਸ਼ਾਹ ਨੇ ਕਿਹਾ ਕਿ ਰੂਹਾਨੀ ਦੇ ਇਸ ਕੇਂਦਰ ’ਚ ਆ ਕੇ ਮਨ ਨੂੰ ਜੋ ਸ਼ਾਂਤੀ ਮਿਲਦੀ ਹੈ, ਉਹ ਸ਼ਾਇਦ ਹੀ ਕਿਸੇ ਹੋਰ ਸਥਾਨ ’ਤੇ ਜਾ ਕੇ ਮਿਲਦੀ ਹੋਵੇਗੀ।
ਆਪਣੀ ਡਿਊਟੀ ਸਬੰਧੀ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਸ ਨੂੰ ਉਹ ਤਨ, ਮਨ, ਧਨ ਨਾਲ ਨਿਭਾਉਣਗੇ। ਬੈਂਕ ਦੀਆਂ ਨੀਤੀਆਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਬੈਂਕ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਜੀ.ਐੱਮ ਪੰਕਜ ਦਿਵੇਦੀ, ਫੀਲਡ ਜੀ.ਐੱਮ. ਪਰਵੀਨ ਮੋਂਗੀਆ, ਜ਼ੋਨਲ ਹੈਡ ਸਮਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਮੈਨੇਜਿੰਗ ਡਾਇਰੈਕਟਰ ਸਵਰੂਪ ਕੁਮਾਰ ਸ਼ਾਹ ਉਹੀ ਸ਼ਖ਼ਸ ਹਨ, ਜਿਨ੍ਹਾਂ ਦੇ ਲੱਗਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕਰਦੇ ਹੋਏ ਮੰਗ ਕੀਤੀ ਸੀ ਕਿ ਹਿੰਦੂ ਹੋਣ ਦੇ ਨਾਤੇ ਇਨ੍ਹਾਂ ਨੂੰ ਇਸ ਸੀਟ ’ਤੇ ਨਾ ਬਿਠਾਇਆ ਜਾਵੇ, ਇੱਥੇ ਸਿੱਖ ਸ਼ਖ਼ਸੀਅਤ ਨੂੰ ਲਗਾਉਣ ਦੀ ਮੰਗ ਕੀਤੀ ਗਈ ਸੀ।