ਹਿਮਾਚਲ ਪ੍ਰਦੇਸ ਵਿਧਾਨ ਸਭਾ ਦੀ ਜਿੱਤ ਕਾਂਗਰਸ ਲਈ ਆਕਸੀਜਨ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਜਿੱਤ ਕਾਂਗਰਸ ਪਾਰਟੀ ਲਈ ਆਕਸੀਜਨ ਦਾ ਕੰਮ ਕਰੇਗੀ ਕਿਉਂਕਿ ਦੇਸ਼ ਵਿੱਚ ਕਾਂਗਰਸ ਦੀ ਹਾਲਤ ਦਿਨਬਦਿਨ ਪਤਲੀ ਹੁੰਦੀ ਜਾ ਰਹੀ ਸੀ। ਅਜਿਹੇ ਮੌਕੇ ਚੋਣ ਜਿੱਤਣਾ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ। ਹਿਮਾਚਲ ਦੀ ਚੋਣ ਸਥਾਨਕ ਧੜੇਬੰਦੀ ਤੋਂ ਉਪਰ ਉਠਕੇ ਹਿਮਾਚਲੀ ਕਾਂਗਰਸੀਆਂ ਨੇ ਲੜੀ ਹੈ, ਜਿਸ ਕਰਕੇ ਕਾਂਗਰਸ ਪਾਰਟੀ ਨੂੰ ਜਿੱਤ ਨਸੀਬ ਹੋਈ ਹੈ। ਹੋ ਸਕਦਾ ਹਿਮਾਚਲ ਕਾਂਗਰਸ ਦੇ ਨੇਤਾਵਾਂ ਨੇ ਪੰਜਾਬ ਵਿਧਾਨ ਸਭਾ ਦੀ ਚੋਣ ਸਮੇਂ ਕਾਂਗਰਸੀਆਂ ਦੀ ਆਪਸੀ ਧੜੇਬੰਦੀ ਕਾਰਨ ਹੋਈ ਹਾਰ ਤੋਂ ਸਬਕ ਸਿਖਿਆ ਹੋਵੇ। ਹਿਮਾਚਲ ਦੀ ਜਿੱਤ ਤੋਂ ਦੇਸ਼ ਦੇ ਬਾਕੀ ਰਾਜਾਂ ਦੇ ਕਾਂਗਰਸੀ ਨੇਤਾਵਾਂ ਨੂੰ ਵੀ ਸਿਖਿਆ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਉਹ ਸਥਾਨਕ ਧੜੇਬੰਦੀ ਤੋਂ ਉਪਰ ਉਠਕੇ ਚੋਣਾਂ ਲੜਨਗੇ ਤਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਵ ਭਾਰਤੀ ਕਾਂਗਰਸ ਨੇ ਸੁਖਵਿੰਦਰ ਸਿੰਘ ਸੁਖੂ ਨੂੰ ਮੁੱਖ ਮੰਤਰੀ ਅਤੇ ਮੁਕੇਸ਼ ਅਗਨੀਹੋਤਰੀ ਨੂੰ ਉਪ ਮੁੱਖ ਮੰਤਰੀ ਬਣਾਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਤਿੰਨ ਮਹਾਂਰਥੀਆਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਜਦੋਜਹਿਦ ਚਲ ਰਹੀ ਸੀ। ਮਰਹੂਮ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੀ ਸੁਪਤਨੀ ਮੰਡੀ ਤੋਂ ਲੋਕ ਸਭਾ ਦੀ ਮੈਂਬਰ ਸਭ ਤੋਂ ਵੱਡੀ ਦਾਅਵੇਦਾਰ ਸਮਝੀ ਜਾ ਰਹੀ ਸੀ, ਉਹ ਵਿਧਾਨ ਸਭਾ ਦੀ ਮੈਂਬਰ ਨਹੀਂ ਸੀ ਪ੍ਰੰਤੂ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਸਮੁੱਚੇ ਰਾਜ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਰੀਆਂ 68 ਵਿਧਾਨ ਸਭਾ ਹਲਕਿਆਂ ਵਿੱਚ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਸੀ। ਉਨ੍ਹਾਂ ਦੇ ਪੱਖ ਵਿੱਚ ਵੀਰਭੱਦਰ ਸਿੰਘ ਦੇ ਵੱਡੀ ਗਿਣਤੀ ਵਿੱਚ ਜਿੱਤੇ ਸਮਰਥਕ ਵਿਧਾਨਕਾਰ ਸਨ, ਜਿਨ੍ਹਾਂ ਵਿੱਚ ਵੀਰਭੱਦਰ ਸਿੰਘ ਦਾ ਲੜਕਾ ਵਿਕਰਮਦਿੱਤਿਆ ਸਿੰਘ ਵੀ ਸ਼ਾਮਲ ਹੈ, ਜਿਹੜਾ ਸਿਮਲਾ ਦਿਹਾਤੀ ਤੋਂ ਵਿਧਾਨਕਾਰ ਚੁਣਿਆਂ ਗਿਆ ਹੈ। ਸ਼੍ਰੀਮਤੀ ਪ੍ਰਤਿਭਾ ਸਿੰਘ ਦੇ ਮੰਡੀ ਲੋਕ ਸਭਾ ਹਲਕੇ ਦੇ ਇਕ ਵਿਧਾਨ ਸਭਾ ਹਲਕੇ ਨੂੰ ਛੱਡ ਕੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਕਾਂਗਰਸ ਦੇ ਉਮੀਦਵਾਰ ਚੋਣ ਹਾਰ ਗਏ ਹਨ। ਜੇਕਰ ਸ਼੍ਰੀਮਤੀ ਪ੍ਰਤਿਭਾ ਸਿੰਘ ਨੂੰ ਵਿਧਾਨਕਾਰ ਨਾ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣਾਇਆ ਜਾਂਦਾ ਤਾਂ ਪਾਰਟੀ ਵਿੱਚ ਫੁੱਟ ਪੈਣ ਦੀ ਸੰਭਾਵਨਾ ਸੀ। ਨਦੌਣ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ ਵਿਧਾਨਕਾਰ ਸੁਖਵਿੰਦਰ ਸਿੰਘ ਸੁਖੂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਚੋਣ ਕੰਪੇਨ ਕਮੇਟੀ ਦੇ ਮੁੱਖੀ ਸਨ। ਕਾਂਗਰਸ ਪਾਰਟੀ ਦੇ ਹਿਮਾਚਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰੋਲੀ ਤੋਂ ਵਿਧਾਨਕਾਰ ਮੁਕੇਸ਼ ਅਗਨੀਹੋਤਰੀ ਨੂੰ ਉਪ ਮੁੱਖ ਮੰਤਰੀ ਬਣਾ ਕੇ ਸੰਤੁਸ਼ਟ ਕੀਤਾ ਹੈ। ਹੁਣ ਵੇਖਣ ਵਾਲੀ ਗੱਲ ਹੈ ਕਿ ਹਿਮਾਚਲ ਦਾ ਨਤੀਜਾ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਜਾਂ ਪਾਰਟੀ ਦੇ ਸਥਾਨਕ ਨੇਤਾਵਾਂ ਵਿੱਚ ਘੁਸਰ ਮੁਸਰ ਪੈਦਾ ਹੋਵੇਗੀ? ਵੀਰ ਭੱਦਰ ਦਾ ਪਰਿਵਾਰ ਆਪਣੀ ਖੁੱਸੀ ਸਿਆਸੀ ਤਾਕਤ ਨੂੰ ਹਥਿਆਉਣ ਲਈ ਜ਼ੋਰ ਅਜ਼ਮਾਈ ਕਰ ਸਕਦਾ ਹੈ। ਕਾਂਗਰਸ ਪਾਰਟੀ ਸੁਖਵਿੰਦਰ ਸਿੰਘ ਸੁਖੂ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ‘ਤੇ ਪਰਿਵਾਰਵਾਦ ਦੇ ਦਾਗ਼ ਨੂੰ ਗਲੋਂ ਲਾਹੁਣ ਵਿੱਚ ਵੀ ਸਫਲ ਹੋ ਗਈ ਹੈ।
ਮਲਿਕ ਅਰਜਨ ਖੜਗੇ ਦੇ ਸਰਵ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾਵਾਂ ਅਤੇ ਕੁਝ ਉਪ ਚੋਣਾ ਹੋਈਆਂ ਹਨ। ਦੋਹਾਂ ਰਾਜਾਂ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਅੱਧੀਆਂ ਨਾਲੋਂ ਵੱਧ ਉਪ ਚੋਣਾ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਕਾਂਗਰਸੀ ਨੇਤਾ ਨੇ ਮਲਿਕ ਅਰਜਨ ਖੜਕੇ ਨੂੰ ਚੋਣਾ ਜਿੱਤਣ ਦਾ ਸਿਹਰਾ ਨਹੀਂ ਦਿੱਤਾ। ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਤਾਂ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ। ਗਾਂਧੀ ਪਰਿਵਾਰ ਵਿੱਚੋਂ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਛੁੱਟੀਆਂ ਕੱਟਣ ਲਈ ਹਿਮਾਚਲ ਆਏ ਸਨ ਤਾਂ ਉਨ੍ਹਾਂ ਨੇ ਕੁਝ ਕੁ ਚੋਣ ਰੈਲੀਆਂ ਹਿਮਾਚਲ ਪ੍ਰਦੇਸ਼ ਵਿੱਚ ਕੀਤੀਆਂ ਸਨ। ਅਚੰਭੇ ਦੀ ਗੱਲ ਹੈ ਕਿ ਹਿਮਾਚਲ ਦੀਆਂ ਚੋਣਾ ਜਿੱਤਣ ਦਾ ਸਿਹਰਾ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਿਹਰਾ ਹਿਮਾਚਲ ਦੀ ਚੋਣ ਜਿੱਤਣ ਨੂੰ ਚਾਪਲੂਸ ਨੇਤਾ ਦੇ ਰਹੇ ਹਨ। ਇਨ੍ਹਾਂ ਬਿਆਨਾ ਤੋਂ ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਚਾਪਲੂਸ ਨੇਤਾ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਬਾਹਰ ਨਿਕਲਣ ਨਹੀਂ ਦੇਣਗੇ। ਹਿਮਾਚਲ ਪ੍ਰਦੇਸ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਆਪਸੀ ਬੇਇਤਫਾਕੀ ਦੀ ਮਰੀਜ਼ ਕੌਮਾ ਵਿੱਚ ਪਈ ਕਾਂਗਰਸ ਲਈ ਆਕਸੀਜਨ ਦਾ ਕੰਮ ਕਰੇਗੀ ਕਿਉਂਕਿ ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋ ਗਏ ਹਨ ਕਿ ਕਾਂਗਰਸ ਹਿਮਾਚਲ ਵਿੱਚ ਜਿੱਤ ਗਈ ਹੈ। ਇਹ ਹੋ ਸਕਦਾ ਕਿ ਪੰਜਾਬ ਅਤੇ ਹਰਿਆਣਾ ਕਾਂਗਰਸ ਨੂੰ ਗੁਆਂਢੀ ਰਾਜ ਹੋਣ ਕਰਕੇ ਥੋੜ੍ਹਾਂ ਬਹੁਤ ਫਰਕ ਪੈ ਜਾਵੇ। ਹਿਮਾਚਲ ਵਿਧਾਨ ਸਭਾ ਦੀਆਂ 68 ਸੀਟਾਂ ਵਿੱਚੋਂ ਕਾਂਗਰਸ ਪਾਰਟੀ 40 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ। ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਲਗਾਤਾਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਉਤਰ ਕਾਟੋ ਮੈਂ ਚੜ੍ਹਾਂ ਦੀ ਸਿਆਸਤ ਕਰਕੇ ਵਾਰੋ ਵਾਰੀ ਰਾਜ ਭਾਗ ਦਾ ਆਨੰਦ ਮਾਣ ਰਹੀਆਂ ਹਨ। 1985 ਤੋਂ ਬਾਅਦ ਲਗਾਤਾਰ ਦੂਜੀ ਵਾਰ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਨਹਂੀ ਮਿਲਿਆ। ਸਿਰਫ 1998 ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਰਾਬਰ 31-31 ਸੀਟਾਂ ਮਿਲੀਆਂ ਸਨ। ਉਦੋਂ ਭਾਰਤੀ ਜਨਤਾ ਪਾਰਟੀ ਸੁਖ ਰਾਮ ਵਾਲੀ ਹਿਮਾਚਲ ਵਿਕਾਸ ਪਾਰਟੀ ਦੀਆਂ ਵਿਸਾਖੀਆਂ ਦੀ ਮਦਦ ਨਾਲ ਸਰਕਾਰ ਬਣਾ ਸਕੀ ਸੀ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 25 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਆਮ ਆਦਮੀ ਪਾਰਟੀ ਨੇ 67 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪ੍ਰੰਤੂ ਉਨ੍ਹਾਂ ਨੂੰ ਇਕ ਵੀ ਸੀਟ ‘ਤੇ ਜਿੱਤ ਨਸੀਬ ਨਹੀਂ ਹੋਈ। ਸਗੋਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਕਾਂਗਰਸ ਪਾਰਟੀ ਨੂੰ ਕੁਲ ਪੋਲ ਹੋਈਆਂ ਵੋਟਾਂ ਵਿੱਚੋਂ 43.9 ਫ਼ੀ ਸਦੀ ਵੋਟਾਂ ਪਈਆਂ ਹਨ ਜਦੋਂ ਕਿ 2017 ਵਿਚ 41.7 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਪਾਰਟੀ ਨੇ 2 ਫ਼ੀ ਸਦੀ ਵੱਧ ਵੋਟਾਂ ਲਈਆਂ ਹਨ। ਭਾਰਤੀ ਜਨਤਾ ਪਾਰਟੀ ਨੂੰ 43 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ ਜਦੋਂ ਕਿ 2017 ਵਿੱਚ ਉਨ੍ਹਾਂ ਨੂੰ 48 ਫ਼ੀ ਸਦੀ ਵੋਟਾਂ ਮਿਲੀਆਂ ਸਨ। ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ 5 ਫ਼ੀ ਸਦੀ ਵੋਟਾਂ ਘੱਟ ਮਿਲੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਵੋਟਾਂ ਦੀ ਸਦੀ ਦਾ ਸਿਰਫ਼ .9 ਦਾ ਹੀ ਅੰਤਰ ਹੈ ਪ੍ਰੰਤੂ ਸੀਟਾਂ ਦਾ ਫਰਕ 15 ਹੈ। ਆਮ ਆਦਮੀ ਪਾਰਟੀ ਜਿਹੜੀ ਦਮਗਜੇ ਮਾਰਦੀ ਸੀ, ਉਸ ਨੂੰ ਸਿਰਫ਼ 1.1 ਫ਼ੀ ਸਦੀ ਵੋਟਾਂ ਪਈਆਂ ਹਨ। ਉਹ ਆਪਣਾ ਖਾਤਾ ਵੀ ਖੋਲ੍ਹ ਨਹੀਂ ਸਕੀ। ਕਾਂਗਰਸ ਪਾਰਟੀ ਦਾ ਗ੍ਰਾਫ ਪਿਛਲੇ ਕਈ ਸਾਲਾਂ ਤੋਂ ਡਿਗਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ‘ਤੇ ਪਰਿਵਾਰਵਾਦ ਦਾ ਦੋਸ਼ ਲੱਗ ਰਿਹਾ ਸੀ ਪ੍ਰੰਤੂ ਇਸ ਵਾਰ ਗਾਂਧੀ ਪਰਿਵਾਰ ਤੋਂ ਬਾਹਰ ਦਾ ਵਿਅਕਤੀ ਮਲਿਕ ਰਜਨ ਖੜਗੇ ਪ੍ਰਧਾਨ ਬਣਾਇਆ ਹੈ, ਸ਼ਾਇਦ ਇਸ ਦਾ ਲਾਭ ਕਾਂਗਰਸ ਪਾਰਟੀ ਨੂੰ ਮਿਲ ਗਿਆ ਹੋਵੇ। 1972 ਅਤੇ 1985 ਵਿੱਚ ਕਾਂਗਰਸ ਪਾਰਟੀ ਨੂੰ 50 ਫ਼ੀ ਸਦੀ ਅਤੇ 1993 ਵਿੱਚ 48.8 ਫੀ ਸਦੀ ਵੋਟਾਂ ਪੋਲ ਹੋਈਆਂ ਸਨ। 2003 ਵਿੱਚ ਕਾਂਗਰਸ ਪਾਰਟੀ ਨੂੰ 43 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਕਾਂਗਰਸ ਪਾਰਟੀ ਦੀ ਦਿਗਜ਼ ਨੇਤਾ ਆਸ਼ਾ ਕੁਮਾਰੀ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ 8 ਮੰਤਰੀ ਚੋਣ ਹਾਰ ਗਏ ਹਨ। ਹਮੀਰਪੁਰ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਦੋਵੇਂ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰ ਨੌਜਵਾਨ ਮੰਤਰੀ ਅਨੁਰਾਗ ਠਾਕੁਰ ਹਨ, ਇਨ੍ਹਾਂ ਦਿਗਜ਼ ਨੇਤਾਵਾਂ ਦੇ ਜਿਲ੍ਹੇ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ 2 ਵਿੱਚ ਚੋਣ ਹਾਰ ਗਏ ਹਨ। ਅਨੁਰਾਗ ਠਾਕੁਰ ਕੇਂਦਰੀ ਮੰਤਰੀ ਹਮੀਰਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ। ਜੇ.ਪੀ.ਨੱਢਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਬਿਲਾਸਪੁਰ ਜਿਲ੍ਹੇ ਵਿੱਚੋਂ ਵੀ ਕਾਂਗਰਸ ਪਾਰਟੀ ਚਾਰ ਸੀਟਾਂ ਵਿੱਚੋਂ ਦੋ ਹਲਕਿਆਂ ਤੋਂ ਚੋਣ ਜਿੱਤ ਗਈ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾਵਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ‘‘ਇਸ ਚੋਣ ਵਿੱਚ ਕੁਝ ਦਿਲਚਸਪ ਗੱਲਾਂ ਹੋਈਆਂ ਹਨ, ਸੋਲਨ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਧਨੀ ਰਾਮ ਸਾਂਦਲ ਅਤੇ ਉਨ੍ਹਾਂ ਦੇ ਜਵਾਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਕੈਸ਼ਪ ਵਿੱਚ ਫਸਵਾਂ ਮੁਕਾਬਲਾ ਹੋਇਆ ਅਤੇ ਧਨੀ ਰਾਮ ਸਾਂਦਲ ਆਪਣੇ ਜਵਾਈ ਨੂੰ ਹਰਾ ਕੇ ਵਿਧਾਨ ਸਭਾ ਲਈ ਚੁਣੇ ਗਏ ਹਨ। ਧਨੀ ਰਾਮ ਸਾਂਦਲ ਲੋਕ ਸਭਾ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ ਚੋਣ ਲੜਿਆ ਤੇ ਪਹਿਲੀ ਵਾਰ ਹੀ ਚੁਣਿਆਂ ਗਿਆ ਕਾਂਗਰਸ ਪਾਰਟੀ ਦਾ ਉਮੀਦਵਾਰ ਚੇਤੰਨਿਆਂ ਸ਼ਰਮਾ ਸਿਰਫ 28 ਸਾਲ ਦਾ ਹੈ। ਵਿਧਾਨ ਸਭਾ ਵਿੱਚ ਉਹ ਸਭ ਤੋਂ ਘੱਟ ਉਮਰ ਹੈ। ਉਹ ਗਗਰੇਟ ਹਲਕੇ ਤੋਂ ਚੋਣ ਜਿਤਿਆ ਹੈ। ਇਸ ਵਾਰ ਸਿਰਫ ਇਕ ਔਰਤ ਹੀ ਚੋਣ ਜਿੱਤ ਸਕੀ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਸਿਰਮੌਰ ਜ਼ਿਲ੍ਹੇ ਦੇ ਪਚਾਡ ਹਲਕੇ ਤੋਂ ਚੁਣੀ ਗਈ ਰੀਨਾ ਕੈਸ਼ਪ ਹੈ।’’ ਹਿਮਾਚਲ ਵਿੱਚ 99 ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 21 ਬਾਗੀ ਉਮੀਦਵਾਰ ਅਤੇ ਕਾਂਗਰਸ ਦੇ 12 ਬਾਗੀ ਸ਼ਾਮਲ ਹਨ। ਬੀ.ਜੇ.ਪੀ.ਦੇ ਬਾਗੀਆਂ ਨੇ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਏ ਹਨ, ਬਾਗੀਆਂ ਕਰਕੇ ਪਾਰਟੀ 8 ਸੀਟਾਂ ਤੇ ਚੋਣ ਹਾਰ ਗਈ। ਕਾਂਗਰਸ ਪਾਰਟੀ ਦੇ ਬਾਗੀਆਂ ਕਰਕੇ ਪਾਰਟੀ ਚਾਰ ਸੀਟਾਂ ਤੇ ਹਾਰ ਗਈ ਹੈ ਪ੍ਰੰਤੂ ਉਹ ਆਪ ਚੋਣ ਜਿੱਤ ਨਹੀਂ ਸਕੇ। ਹਿਮਚਲ ਵਿਧਾਨ ਸਭਾ ਵਿੱਚ 23 ਪਹਿਲੀ ਵਾਰ ਚੁਣੇ ਗਏ ਵਿਧਾਇਕ ਹਨ, ਜਿਨ੍ਹਾਂ ਵਿੱਚ 14 ਕਾਂਗਰਸ ਅਤੇ 8 ਬੀ.ਜੇ.ਪੀ. ਦੇ ਹਨ। 45 ਵਿਧਾਇਕ ਦੁਬਾਰਾ ਚੁਣੇ ਗਏ ਹਨ। ਹਿਮਾਚਲ ਪ੍ਰਦੇਸ ਦੀ ਚੋਣ ਦੇ ਜਿੱਤਣ ਨਾਲ ਸਿਰਫ ਤਿੰਨ ਰਾਜਾਂ ਛਤੀਸਗੜ੍ਹ, ਰਾਜਸਥਾਨ ਅਤੇ ਹਿਮਾਚਲ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ। 1993 ਵਿੱਚ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਹਿਮਾਚਲ ਦੀਆਂ ਚੋਣਾਂ ਦੇ ਕੇਂਦਰੀ ਕਾਂਗਰਸ ਵੱਲੋਂ ਇਨਚਾਰਜ ਸਨ, ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਸ਼ਾਂਤਾ ਕੁਮਾਰ ਵੀ ਚੋਣ ਹਾਰ ਗਏ ਸਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ। ਇਸ ਵਾਰ ਸਰਵ ਭਾਰਤੀ ਕਾਂਗਰਸ ਦੇ ਹਿਮਾਚਲ ਦੇ ਇਨਚਾਰਜ ਰਾਜੀਵ ਸ਼ੁਕਲਾ, ਸ੍ਰ.ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਸੰਯੁਕਤ ਸਕੱਤਰ ਸਰਵ ਭਾਰਤੀ ਕਾਂਗਰਸ ਕਮੇਟੀ ਅਤੇ ਤਜਿੰਦਰ ਸਿੰਘ ਬਿੱਟੂ ਹਿਮਾਚਲ ਦੀਆਂ ਚੋਣਾਂ ਦੇ ਸਹਿ ਇਨਚਾਰਜ ਸਨ ਅਤੇ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
[email protected]

Leave a Reply

Your email address will not be published. Required fields are marked *