ਚੰਡੀਗੜ੍ਹ : ਕੈਨੇਡਾ ‘ਚ ਵੱਸਦੇ ਹਿੰਦੂ ਅਤੇ ਸਿੱਖ ਭਾਇਚਾਰਿਆਂ ਵਿਚਕਾਰ ਫ਼ਿਰਕੂ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਲਕਸ਼ਮੀ ਨਾਰਾਇਣ ਮੰਦਰ (ਸਰੀ) ਤੇ ਰਾਸ ਸਟ੍ਰੀਟ ਗੁਰਦੁਆਰਾ (ਵੈਂਕੂਵਰ) ‘ਚ 19 ਅਪ੍ਰੈਲ ਨੂੰ ਤੋੜਭੰਨ ਕੀਤੀ ਗਈ। ਸਰੀ ਪੁਲਿਸ ਸੇਵਾ (SPS) ਤੇ ਵੈਂਕੂਵਰ ਪੁਲਿਸ ਵਿਭਾਗ (VPD) ਨੇ ਇਨ੍ਹਾਂ ਘਟਨਾਵਾਂ ਦੇ ਮੁਲਜ਼ਮਾਂ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਹਨ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਤੁਰੰਤ ਪੁਲਿਸ ਨਾਲ ਸਾਂਝਾ ਕੀਤਾ ਜਾਵੇ। ਵਿਸਾਖੀ ਮੌਕੇ ਸਥਾਨਕ ਖੇਤਰਾਂ ‘ਚ ਵੱਡੀ ਗਿਣਤੀ ਵਿਚ ਨਗਰ ਕੀਰਤਨ ਸਜਾਏ ਜਾਣੇ ਸਨ। ਇਹ ਹਮਲੇ ਹਿੰਦੂ-ਸਿੱਖ ਦੰਗੇ ਕਰਵਾਉਣ ਲਈ ਕੀਤੇ ਗਏ। ਪੁਲਿਸ ਅਨੁਸਾਰ, ਸੀਸੀਟੀਵੀ ‘ਚ ਇਕ ਸਫੈਦ ਪਿਕਅਪ ਟਰੱਕ ਆਉਂਦੇ ਵੇਖਿਆ ਗਿਆ। ਹੁਣ ਕੈਮਰਿਆਂ ‘ਚ ਕੈਦ ਕੀਤੀਆਂ ਗਈਆਂ ਸੀਸੀਟੀਵੀ ਤਸਵੀਰਾਂ ਜਨਤਾ ਦੀ ਸਹਾਇਤਾ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਰੀ ਕੀਤੀਆਂ ਗਈਆਂ ਹਨ। ਸਰੀ ਪੁਲਿਸ ਨੇ ਕਿਹਾ ਕਿ ਇਹ ਇਕ ਗੰਭੀਰ ਅਪਰਾਧਿਕ ਕਾਰਾ ਹੈ ਅਤੇ ਇਸ ਦੀ ਜਾਂਚ ਪਹਿਲ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਵੈਂਕੂਵਰ ਪੁਲਿਸ ਨੇ ਇਸ ਨੂੰ ਇਕ ਸੰਭਾਵੀ ਨਫਰਤ ਤੋਂ ਪ੍ਰੇਰਿਤ ਘਟਨਾ ਦੱਸਦੇ ਹੋਏ ਹਰ ਪੱਖ ਤੋਂ ਜਾਂਚ ਸ਼ੁਰੂ ਕੀਤੀ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਤੇ ਸਿੱਖ ਭਾਈਚਾਰਿਆਂ ‘ਚ ਚਿੰਤਾ ਅਤੇ ਗੁੱਸਾ ਹੈ। ਲਕਸ਼ਮੀ ਨਾਰਾਇਣ ਮੰਦਰ ਅਤੇ ਰਾਸ ਸਟ੍ਰੀਟ ਗੁਰਦੁਆਰਾ ਦੋਹਾਂ ਭਾਈਚਾਰਿਆਂ ਵਿਚਕਾਰ ਭਗਤੀ ਤੇ ਸੇਵਾ ਦੇ ਪ੍ਰਮੁੱਖ ਕੇਂਦਰ ਮੰਨੇ ਜਾਂਦੇ ਹਨ। ਐਸਪੀਐਸ ਤੇ ਵੀਪੀਡੀ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਘਟਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਹੈ, ਜਿਵੇਂ ਕਿ ਸ਼ੱਕੀ ਵਿਅਕਤੀਆਂ ਦੀ ਪਛਾਣ, ਵਾਹਨ ਦੀ ਜਾਣਕਾਰੀ ਜਾਂ ਵੀਡੀਓ ਫੁਟੇਜ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝਾ ਕੀਤੀ ਜਾਵੇ।