ਸਪੋਰਟਸ ਡੈਸਕ– ਆਈਪੀਐੱਲ 2025 ਦੇ 44ਵੇਂ ਮੈਚ ‘ਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਹੋਵੇਗਾ। ਇਕ ਸੈਸ਼ਨ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਦਿਵਾਉਣ ਵਾਲਾ ਸ਼੍ਰੇਅਸ ਅਈਅਰ ਲਈ ਹੁਣ ਪਲੇਅ ਆਫ ਕੁਆਲੀਫਿਕੇਸ਼ਨ ਦੀ ਕੋਲਕਾਤਾ ਦੀ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਹੋਵੇਗਾ ਜਦੋਂ ਉਸਦੀ ਕਪਤਾਨੀ ਵਿਚ ਪੰਜਾਬ ਕਿੰਗਜ਼ ਆਈ. ਪੀ. ਐੱਲ. ਦੇ ਅਹਿਮ ਮੈਚ ਵਿਚ ਸ਼ਨੀਵਾਰ ਨੂੰ ਈਡਨ ਗਾਰਡਨ ’ਤੇ ਮੇਜ਼ਬਾਨ ਵਿਰੁੱਧ ਉਤਰੇਗੀ।
12 ਮਹੀਨੇ ਪਹਿਲਾਂ ਅਈਅਰ ਦੀ ਕਪਤਾਨੀ ਵਿਚ ਕੇ. ਕੇ. ਆਰ. ਨੇ ਇਕ ਦਹਾਕੇ ਵਿਚ ਪਹਿਲਾ ਆਈ. ਪੀ. ਐੱਲ. ਖਿਤਾਬ ਜਿੱਤਿਆ ਸੀ। ਸ਼ਨੀਵਾਰ ਨੂੰ ਉਹ ਵਿਰੋਧੀ ਟੀਮ ਦੀ ਜਰਸੀ ਪਹਿਨੇਗਾ ਤੇ ਆਤਮਵਿਸ਼ਵਾਸ ਨਾਲ ਭਰੀ ਪੰਜਾਬ ਨੂੰ ਪਲੇਅ ਆਫ ਵਿਚ ਪਹੁੰਚਾਉਣ ਦੀ ਦਿਸ਼ਾ ਵਿਚ ਅਗਲਾ ਕਦਮ ਵਧਾਉਣ ਦੇ ਇਰਾਦੇ ਨਾਲ ਉਤਰੇਗਾ।
ਕੇ. ਕੇ. ਆਰ. ਨੇ ਉਸ ਨੂੰ ਰਿਲੀਜ਼ ਕਰ ਕੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ ਪਰ ਪੰਜਾਬ ਨੂੰ 8 ਵਿਚੋਂ 5 ਮੈਚ ਜਿਤਾ ਕੇ ਅੰਕ ਸੂਚੀ ਵਿਚ 5ਵੇਂ ਸਥਾਨ ’ਤੇ ਪਹੁੰਚਾ ਦਿੱਤਾ। ਇਸ ਸਾਂਝੇਦਾਰੀ ਨੇ ਅਈਅਰ ਨੂੰ ਆਤਮਵਿਸ਼ਵਾਸ ਦੇ ਨਾਲ ਕਪਤਾਨੀ ਦੀ ਛੋਟ ਵੀ ਦਿੱਤੀ, ਜਿਸ ਦੇ ਦਮ ’ਤੇ ਉਹ ਹੁਣ ਤਿੰਨ ਅਰਧ ਸੈਂਕੜਿਆਂ ਸਮੇਤ 263 ਦੌੜਾਂ ਬਣਾ ਚੱਕਾ ਹੈ। ਹੁਣ ਉਸਦਾ ਇਰਾਦਾ ਸੈਂਕੜਾ ਲਾਉਣ ਦਾ ਹੋਵੇਗਾ। ਹੁਣ ਉਸਦੇ ਕੋਲ ਆਪਣੇ ਬੱਲੇ ਨਾਲ ਜਵਾਬ ਦੇਣ ਦਾ ਸੁਨਹਿਰੀ ਮੌਕਾ ਹੈ ਜਿਵੇਂ ਅਜੇਤੂ ਅਰਧ ਸੈਂਕੜਾ ਲਾ ਕੇ ਕੇ. ਐੱਲ. ਰਾਹੁਲ ਨੇ ਆਪਣੀ ਸਾਬਕਾ ਟੀਮ ਲਖਨਊ ਸੁਪਰ ਜਾਇੰਟਸ ਵਿਰੁੱਧ ਦਿੱਲੀ ਕੈਪੀਟਲਸ ਨੂੰ ਜਿੱਤ ਦਿਵਾ ਕੇ ਕੀਤਾ ਸੀ।
ਕੇ. ਕੇ. ਆਰ. 8 ਵਿਚੋਂ 5 ਮੈਚ ਹਾਰ ਚੁੱਕਾ ਹੈ ਤੇ ਇਕ ਹੋਰ ਹਾਰ ਨਾਲ ਪਲੇਅ ਆਫ ਦੀ ਉਸਦੀ ਰਾਹ ਮੁਸ਼ਕਿਲ ਹੋ ਜਾਵੇਗੀ। ਉਸਦਾ ਚੋਟੀਕ੍ਰਮ ਚੱਲ ਨਹੀਂ ਪਾ ਰਿਹਾ ਹੈ ਤੇ ਮੱਧਕ੍ਰਮ ਜ਼ਿੰਮੇਵਾਰੀ ਨਾਲ ਨਹੀਂ ਖੇਡਿਆ। ਸਪਿੰਨ ਹਮਲਾ ਆਪਣੇ ਗੜ੍ਹ ਈਡਨ ਗਾਰਡਨ ਵਿਚ ਅਸਫਲ ਸਾਬਤ ਹੋਇਆ ਹੈ। ਉਸ ਨੂੰ ਅਗਲੇ 6 ਵਿਚੋਂ 5 ਮੈਚਾਂ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਕੇ. ਕੇ. ਆਰ. ਦੇ ਮੱਧਕ੍ਰਮ ਦੇ ਬੱਲੇਬਾਜ਼ ਆਂਦ੍ਰੇ ਰਸੇਲ, ਰਿੰਕੂ ਸਿੰਘੂ ਤੇ ਰਮਨਦੀਪ ਫਿਨਸ਼ਿੰਗ ਟੱਚ ਨਹੀਂ ਦੇ ਸਕੇ, ਜਿਸ ਨਾਲ ਟੀਮ ਵਿਚ ਬਦਲਾਅ ਕਰਨਾ ਪੈ ਸਕਦਾ ਹੈ।
ਕੇ. ਕੇ. ਆਰ. ਹੁਣ ਕੈਰੇਬੀਆਈ ਆਲਰਾਊਂਡਰ ਰੋਵਮੈਨ ਪਾਵੈੱਲ ਨੂੰ ਉਤਾਰ ਸਕਦੀ ਹੈ। ਅੰਗਕ੍ਰਿਸ਼ ਰਘੂਵੰਸ਼ੀ ਨੂੰ ਅਰਸ਼ਦੀਪ ਸਿੰਘ ਤੇ ਯੁਜਵੇਂਦਰ ਚਾਹਲ ਵਰਗੇ ਗੇਂਦਬਾਜ਼ਾਂ ਦੀ ਚੁਣੌਤੀ ਦਾ ਬਾਖੂਬੀ ਸਾਹਮਣਾ ਕਰਨਾ ਪਵੇਗਾ। ਕਪਤਾਨ ਅਜਿੰਕਯ ਰਹਾਨੇ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਜਿਹੜਾ ਤੇਜ਼ ਖੇਡ ਕੇ ਟੀਮ ਨੂੰ ਜਿੱਤ ਤੱਕ ਲਿਜਾਣ ਵਿਚ ਅਸਫਲ ਰਿਹਾ ਹੈ। ਉਸ ਨੂੰ ਚਾਹਲ ਤੋਂ ਬਚ ਕੇ ਰਹਿਣਾ ਪਵੇਗਾ ਜਿਸ ਨੇ ਪਿਛਲੇ ਹਫਤੇ ਖਤਰਨਾਕ ਸਪੈੱਲ ਪਾ ਕੇ ਰਹਾਨੇ, ਰਘੂਵੰਸ਼ੀ, ਰਿੰਕੂ ਤੇ ਰਮਨਦੀਪ ਦੀਆਂ ਵਿਕਟਾਂ ਲਈਆਂ ਸਨ। ਕੇ. ਕੇ. ਆਰ. ਦੇ ਗੇਂਦਬਾਜ਼ ਹਰਸ਼ਿਤ ਰਾਣਾ ਤੇ ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆਦੀ ਟੱਕਰ ਵੀ ਦੇਖਣਯੋਗ ਹੋਵੇਗੀ।
ਕੇ. ਕੇ. ਆਰ. ਨੇ ਇਸ ਵਾਰ ਆਪਣੇ ਮੈਦਾਨ ਵਿਚ ਚਾਰ ਵਿਚੋਂ ਇਕ ਹੀ ਮੈਚ ਜਿੱਤਿਆ ਹੈ। ਪਿੱਚ ਨੂੰ ਲੈ ਕੇ ਕਿਊਰੇਟਰ ਸੂਜਨ ਮੁਖਰਜੀ ਨਾਲ ਗੈਰ-ਜ਼ਰੂਰੀ ਵਿਵਾਦ ਵੀ ਸੁਰਖੀਆਂ ਵਿਚ ਰਿਹਾ ਹੈ।