ਚੰਡੀਗੜ੍ਹ, 3 ਮਈ- ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਅੱਜ ਐੱਚ.ਐੱਸ. ਫੂਲਕਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਝੋਨੇ ਦੀ ਕਾਸ਼ਤ ਲਈ ਚੌਲਾਂ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਨੂੰ ਐਨਾਰੋਬਿਕ ਸੀਡਿੰਗ ਆਫ਼ ਰਾਈਸ (ਏ.ਐਸ.ਆਰ.) ਵਿਧੀ ਨਾਲ ਬਦਲਣ ਦੀ ਹੈ। ਇਸ ਨਾਲ 80 ਤੋਂ 90 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
ਇੰਨਾ ਹੀ ਨਹੀਂ, ਡੀ.ਐੱਸ.ਆਰ ਵਿਧੀ ਦੇ ਉਲਟ ਇਸ ਵਿਧੀ ਨਾਲ ਝੋਨਾ ਬੀਜਣ ‘ਤੇ ਕੋਈ ਵੀ ਨਦੀਨ ਖ਼ਰਚ ਨਹੀਂ ਆਉਂਦਾ ਅਤੇ ਨਾ ਹੀ ਰਵਾਇਤੀ ਢੰਗ ਨਾਲ ਹੋਣ ਵਾਲੀ ਲੇਬਰ ਦਾ ਖਰਚਾ ਝੱਲਣਾ ਪੈਂਦਾ ਹੈ। ਇਹ ਦਾਅਵਾ ਅੱਜ ਇੱਥੇ ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਨੇ ਕੀਤਾ। ਫੂਲਕਾ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੀਆਂ ਜ਼ਮੀਨਾਂ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸਰਕਾਰਾਂ ਅੱਗੇ ਨਹੀਂ ਆਉਣਗੀਆਂ, ਤੁਹਾਨੂੰ ਆਪਣੀ ਜ਼ਮੀਨ ਬਚਾਉਣੀ ਪਵੇਗੀ, ਇਸ ਲਈ ਅਸੀਂ ਆਪਣੀ ਜ਼ਮੀਨ, ਮੇਰੀ ਜ਼ਿੰਮੇਵਾਰੀ ਮੁਹਿੰਮ ਚਲਾਉਣ ਜਾ ਰਹੇ ਹਾਂ।